ਮਿਸ ਇੰਡੀਆ ਦਿੱਲੀ-2019 ਮਾਨਸੀ ਸਹਿਗਲ ‘ਆਪ’ ਪਾਰਟੀ ’ਚ ਹੋਈ ਸ਼ਾਮਲ
Monday, Mar 01, 2021 - 06:40 PM (IST)
ਨਵੀਂ ਦਿੱਲੀ— ਮਿਸ ਇੰਡੀਆ ਦਿੱਲੀ-2019 ਰਹਿ ਚੁੱਕੀ ਮਾਨਸੀ ਸਹਿਗਲ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਮਾਡਲਿੰਗ ਤੋਂ ਬਾਅਦ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਦਿੱਤੀ ਹੈ। ਮਾਨਸੀ ਸਹਿਗਲ ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋ ਗਈ ਹੈ। ਮਾਨਸੀ ਦਿੱਲੀ ਦੀ ਰਹਿਣ ਵਾਲੀ ਹੈ।
ਓਧਰ ਰਾਘਵ ਚੱਢਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ’ਚ ਰਾਜਨੀਤੀ ਨਾਲ ਜੁੜਨ ਅਤੇ ਲੋਕਾਂ ਦੀ ਸੇਵਾ ਕਰਨ ਦਾ ਵਿਸ਼ਵਾਸ ਜਗਾਉਂਦੇ ਹਨ। ‘ਆਪ’ ਦਾ ਪਰਿਵਾਰ ਵਧ ਰਿਹਾ ਹੈ। ਮੈਂ ਮਾਨਸੀ ਦਾ ‘ਆਪ’ ਪਰਿਵਾਰ ਵਿਚ ਸਵਾਗਤ ਕਰਦਾ ਹਾਂ। ਉੱਥੇ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਹਿਗਲ ਨੇ ਕਿਹਾ ਕਿ ਮੈਂ ਸਮਾਜ ਲਈ ਬਹੁਤ ਘੱਟ ਉਮਰ ਤੋਂ ਕੁਝ ਚੰਗਾ ਕਰਨਾ ਚਾਹੁੰਦੀ ਸੀ। ਕਿਸੇ ਵੀ ਰਾਸ਼ਟਰ ਦੀ ਖ਼ੁਸ਼ਹਾਲੀ ਲਈ ਸਿਹਤ ਅਤੇ ਸਿੱਖਿਆ ਦੋ ਮੁੱਖ ਆਧਾਰ ਹਨ। ਮੈਂ ਪਿਛਲੇ ਕੁਝ ਸਾਲਾਂ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਇਨ੍ਹਾਂ ਖੇਤਰਾਂ ਵਿਚ ਜ਼ਬਰਦਸਤ ਬਦਲਾਅ ਵੇਖਿਆ ਹੈ। ਮੈਂ ਨੌਜਵਾਨਾਂ ਖ਼ਾਸ ਤੌਰ ’ਤੇ ਸਾਡੀਆਂ ਬੀਬੀਆਂ-ਭੈਣਾਂ ਨੂੰ ਅਪੀਲ ਕਰਾਂਗਾ ਕਿ ਉਹ ਸਾਡੇ ਨਾਲ ਸ਼ਾਮਲ ਹੋਣ ਅਤੇ ਰਾਜਨੀਤੀ ਨੂੰ ਬਦਲਣ। ਪਾਰਟੀ ਵਿਚ ਮਾਨਸੀ ਦੇ ਸ਼ਾਮਲ ਹੋਣ ਮਗਰੋਂ ਇਹ ਆਸ ਕੀਤੀ ਜਾ ਰਹੀ ਹੈ ਕਿ ਉਹ ਖ਼ੁਦ ਵਾਂਗ ਕਈ ਲੋਕਾਂ ਨੂੰ ਨਾ ਸਿਰਫ ਪਾਰਟੀ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰੇਗੀ, ਸਗੋਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ’ਚ ਮਦਦ ਕਰੇਗੀ।
ਦੱਸ ਦੇਈਏ ਕਿ ਮਾਨਸੀ ਇਕ ਸਿੱਖਿਅਤ ਇੰਜੀਨੀਅਰ, ਟੇਡਕਸ ਸਪੀਕਰ ਅਤੇ ਇਕ ਉੱਦਮੀ ਹੈ, ਜਿਨ੍ਹਾਂ ਦਾ ਆਪਣਾ ਸਟਾਰਟਅੱਪ ਹੈ। ਮਿਸ ਇੰਡੀਆ ਦਿੱਲੀ ਮੁਕਾਬਲੇ ਵਿਚ ਦਿੱਤੇ ਗਏ ਆਪਣੇ ਪਰਿਚੈ ਬਾਰੇ ਉਨ੍ਹਾਂ ਨੇ ਖ਼ੁਦ ਨੂੰ ਅੰਗ ਦਾਨ ਵਿਚ ਡੂੰਘੀ ਦਿਲਚਸਪੀ ਰੱਖਣ ਬਾਰੇ ਦੱਸਿਆ ਸੀ।