ਬੈਂਗਲੁਰੂ ਦੇ ਚਾਮਰਾਜਪੇਟ ’ਚ ਸ਼ਰਾਰਤੀ ਅਨਸਰਾਂ ਨੇ 3 ਗਊਆਂ ਦੇ ਕੱਟੇ ਥਣ, ਸਥਿਤੀ ਤਣਾਅਪੂਰਨ
Monday, Jan 13, 2025 - 05:18 AM (IST)
ਬੈਂਗਲੁਰੂ (ਭਾਸ਼ਾ) - ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਚਾਮਰਾਜਪੇਟ ਇਲਾਕੇ ’ਚ ਉਸ ਸਮੇਂ ਤਣਾਅ ਫੈਲ ਗਿਆ, ਜਦੋਂ ਕੁਝ ਅਣਪਛਾਤੇ ਲੋਕਾਂ ਨੇ 3 ਗਊਆਂ ’ਤੇ ਹਮਲਾ ਕਰ ਕੇ ਉਨ੍ਹਾਂ ਦੇ ਥਣ ਕੱਟ ਦਿੱਤੇ। ਪੁਲਸ ਸੂਤਰਾਂ ਅਨੁਸਾਰ ਇਹ ਘਟਨਾ ਚਾਮਰਾਜਪੇਟ ਦੇ ਵਿਨਾਇਕਨਗਰ ’ਚ ਹੋਈ। ਇਹ ਗਊਆਂ ਸਥਾਨਕ ਵਿਅਕਤੀ ਕਰਨ ਦੀਆਂ ਹਨ।
ਪਸ਼ੂਆਂ ਦੀ ਦਰਦਨਾਕ ਆਵਾਜ਼ ਸੁਣ ਕੇ ਲੋਕ ਜਾਗ ਗਏ ਅਤੇ ਉਨ੍ਹਾਂ ਵੇਖਿਆ ਕਿ ਪਸ਼ੂ ਜ਼ਖ਼ਮੀ ਹਾਲਤ ’ਚ ਖੂਨ ਨਾਲ ਲਥਪਥ ਪਏ ਹਨ, ਜਿਸ ਨਾਲ ਲੋਕਾਂ ’ਚ ਗੁੱਸਾ ਫੈਲ ਗਿਆ ਅਤੇ ਇਲਾਕੇ ’ਚ ਸਥਿਤੀ ਤਣਾਅਪੂਰਨ ਹੋ ਗਈ। ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਕਾਰਵਾਈ ਕਰਨ ’ਚ ਅਸਫਲ ਰਹੀ ਤਾਂ ਉਹ ‘ਕਾਲੀ ਸੰਕ੍ਰਾਂਤੀ’ ਮਨਾਵੇਗੀ।
ਕਰਨਾਟਕ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਹ ਘਿਨਾਉਣਾ ਅਪਰਾਧ ਜੇਹਾਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਜੇ ਸਰਕਾਰ ਮੁਲਜ਼ਮਾਂ ਖਿਲਾਫ ਕਾਰਵਾਈ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਅਸੀ ‘ਕਾਲੀ ਸੰਕ੍ਰਾਂਤੀ’ ਮਨਾਵਾਂਗੇ।” ਇਸ ਦਰਮਿਆਨ, ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰੇਗੀ।