'ਪਬਜੀ' ਖੇਡਣ ਤੋਂ ਰੋਕਦੀ ਸੀ ਮਾਂ, ਨਾਬਾਲਗ ਪੁੱਤ ਨੇ ਗੋਲੀ ਮਾਰ ਕੀਤਾ ਕਤਲ (ਵੀਡੀਓ)
Wednesday, Jun 08, 2022 - 12:08 PM (IST)
ਲਖਨਊ (ਭਾਸ਼ਾ)- ਲਖਨਊ 'ਚ ਆਨਲਾਈਨ ਗੇਮ ਖੇਡਣ ਤੋਂ ਰੋਕਣ ’ਤੇ 16 ਸਾਲਾ ਇਕ ਮੁੰਡੇ ਵਲੋਂ ਆਪਣੀ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੁੰਡੇ ਨੂੰ ਆਨਲਾਈਨ ਗੇਮ ਪਬਜੀ ਖੇਡਣ ਦੀ ਆਦਤ ਸੀ ਅਤੇ ਉਹ ਮਾਂ ਵਲੋਂ ਖੇਡਣ ਤੋਂ ਮਨ੍ਹਾ ਕਰਨ ਤੋਂ ਨਾਰਾਜ਼ ਸੀ। ਪੁਲਸ ਨੇ ਮੰਗਲਵਾਰ ਰਾਤ ਮਾਂ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਨਾਬਾਲਗ ਮੁੰਡਾ ਪੁਲਸ ਦੀ ਹਿਰਾਸਤ 'ਚ ਹੈ। ਪੁਲਸ ਨੇ ਦੱਸਿਆ ਕਿ ਮੁੰਡੇ ਨੇ ਸ਼ਨੀਵਾਰ ਨੂੰ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਉਸ ਦੀ ਲਾਸ਼ 2 ਦਿਨਾਂ ਤੱਕ ਕਮਰੇ 'ਚ ਬਦ ਰੱਖੀ ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਪੱਛਮੀ ਬੰਗਾਲ 'ਚ ਤਾਇਨਾਤ ਫ਼ੌਜ ਦੇ ਜਵਾਨ ਪਿਤਾ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦੇ ਸਮੇਂ ਮੁੰਡੇ ਦੀ 9 ਸਾਲ ਦੀ ਭੈਣ ਵੀ ਘਰ 'ਚ ਸੀ। ਮੁੰਡੇ ਨੇ ਉਸ ਨੂੰ ਧਮਕਾਇਆ ਅਤੇ ਲਾਸ਼ ਤੋਂ ਨਿਕਲਣ ਵਾਲੀ ਬੱਦਬੂ ਨੂੰ ਲੁਕਾਉਣ ਲਈ ਰੂਮ ਫਰੈਸ਼ਨਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਕ ਦਿਨ 'ਚ ਆਏ 5200 ਤੋਂ ਵੱਧ ਨਵੇਂ ਮਾਮਲੇ
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਸ ਕਾਸਿਮ ਆਬਿਦੀ ਨੇ ਦੱਸਿਆ,''ਘਟਨਾ ਪੀ.ਜੀ.ਆਈ. ਥਾਣਾ ਖੇਤਰ ਦੇ ਯਮੁਨਾਪੁਰਮ ਕਾਲੋਨੀ ਦੀ ਹੈ। ਮੁੰਡੇ ਦਾ ਪਿਤਾ ਮੌਜੂਦਾ ਸਮੇਂ ਪੱਛਮੀ ਬੰਗਾਲ 'ਚ ਤਾਇਨਾਤ ਹੈ ਅਤੇ ਉਸ ਦੀ ਪਤਨੀ, ਪੁੱਤਰ ਅਤੇ ਧੀ ਨਾਲ ਲਖਨਊ 'ਚ ਰਹਿੰਦੀ ਸੀ। ਅਧਿਕਾਰੀ ਨੇ ਕਿਹਾ,''16 ਸਾਲਾ ਪੁੱਤਰ ਆਨਲਾਈਨ ਗੇਮ ਪਬਜੀ ਦਾ ਆਦੀ ਸੀ। ਉਸ ਨੇ ਸਾਨੂੰ ਦੱਸਿਆ ਕਿ ਉਸ ਦੀ ਮਾਂ ਗੇਮਿੰਗ ਲਈ ਰੋਕਦੀ ਸੀ, ਇਸ ਲਈ ਉਸ ਨੇ ਮਾਂ ਨੂੰ ਮਾਰ ਦਿੱਤਾ। ਨਾਬਾਲਗ ਨੇ ਆਪਣੀ ਮਾਂ ਨੂੰ ਗੋਲੀ ਮਾਰ ਲਈ ਆਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਦਾ ਇਸਤੇਮਾਲ ਕੀਤਾ।''
ਇਹ ਵੀ ਪੜ੍ਹੋ : ਸਰਕਾਰ ਨੇ ਸੀ. ਡੀ. ਐੱਸ ਦੀ ਨਿਯੁਕਤੀ ਸਬੰਧੀ ਨਿਯਮ ਬਦਲੇ
ਪੁਲਸ ਨੇ ਕਤਲ 'ਚ ਇਸਤੇਮਾਲ ਹਥਿਆਰ ਵੀ ਬਰਾਮਦ ਕਰ ਲਿਆ ਹੈ। ਪੁਲਸ ਅਨੁਸਾਰ ਨਾਬਾਲਗ ਨੇ ਸ਼ਨੀਵਾਰ ਰਾਤ ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਛੋਟੀ ਭੈਣ ਨੂੰ ਦੂਜੇ ਕਮਰੇ 'ਚ ਰੱਖਿਆ ਅਤੇ ਉਸ ਨੂੰ ਕਿਸੇ ਨੂੰ ਕੁਝ ਨਾ ਦੱਸਣ ਲਈ ਧਮਕਾਇਆ। ਜਿਸ ਕਮਰੇ 'ਚ ਲਾਸ਼ ਰੱਖੀ ਸੀ, ਉਸ 'ਚ ਤਾਲਾ ਲਗਾ ਦਿੱਤਾ। ਅਧਿਕਾਰੀ ਨੇ ਕਿਹਾ,''ਮੰਗਲਵਾਰ ਸ਼ਾਮ ਜਦੋਂ ਲਾਸ਼ ਕੱਢੀ ਗਈ ਤਾਂ ਬੱਦਬੂ ਤੇਜ਼ ਹੋ ਗਈ ਤਾਂ ਉਸ ਨੇ ਪਿਤਾ ਨੂੰ ਘਟਨਾ ਬਾਰੇ ਦੱਸਿਆ। ਪਿਤਾ ਨੇ ਗੁਆਂਢੀਆਂ ਨੂੰ ਦੱਸਿਆ, ਜਿਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ।'' ਮੁੰਡੇ ਨੇ ਸ਼ੁਰੂ 'ਚ ਘਟਨਾ ਬਾਰੇ ਝੂਠੀ ਕਹਾਣੀ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਜਲਦ ਹੀ ਸੱਚਾਈ ਦਾ ਖੁਲਾਸਾ ਕਰ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ