50 ਰੁਪਏ ਖਾਤਰ ਦੋਸਤ ਦੀ ਲੈ ਲਈ ਜਾਨ

12/11/2017 10:31:41 AM

ਲਖੀਮਪੁਰ— ਯੂ.ਪੀ. ਦੇ ਲਖੀਮਪੁਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਨਾਬਾਲਗ ਨੇ ਸਿਰਫ 50 ਰੁਪਏ ਦੇ ਵਿਵਾਦ 'ਚ ਕਥਿਤ ਤੌਰ 'ਤੇ ਆਪਣੇ ਦੋਸਤ ਨੂੰ ਚਾਕੂ ਮਾਰ ਦਿੱਤਾ। ਇਸ ਕਤਲ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਦਾ ਮਾਹੌਲ ਹੈ। ਮ੍ਰਿਤਕ ਦੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਅਨੁਸਾਰ 15 ਸਾਲ ਦਾ ਮ੍ਰਿਤਕ ਆਦਿੱਤਿਯ ਕੁਮਾਰ ਆਪਣੇ ਘਰ ਦੇ ਬਾਹਰ ਸਮੋਸੇ ਅਤੇ ਚਾਹ ਵੇਚਦਾ ਸੀ। ਦੱਸਿਆ ਜਾ ਰਿਹਾ ਹੈ ਕਿ ਆਦਿੱਤਿਯ ਦੇ ਇਕ ਦੋਸਤ ਨੇ ਕੁਝ ਦਿਨ ਪਹਿਲਾਂ ਹੀ ਉਸ ਦੀ ਦੁਕਾਨ ਤੋਂ ਕਰੀਬ 50 ਰੁਪਏ ਦੇ ਸਮੋਸੇ ਉਧਾਰ ਲਏ ਸਨ।
ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਉਸ ਦਾ ਦੋਸਤ ਫਿਰ ਦੁਕਾਨ 'ਤੇ ਸਮੋਸੇ ਖਾਣ ਆਇਆ ਪਰ ਪਿਛਲਾ ਬਕਾਇਆ ਨਾ ਚੁਕਾਉਣ ਕਾਰਨ ਦੋਹਾਂ 'ਚ ਬਹਿਸ ਹੋਈ ਅਤੇ ਆਦਿੱਤਿਯ ਨੇ ਉਸ ਨੂੰ ਉਧਾਰ ਸਮੋਸੇ ਅਤੇ ਚਾਹ ਦੇਣ ਤੋਂ ਮਨ੍ਹਾ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ ਇਸ ਗੱਲ ਨੂੰ ਆਪਣਾ ਅਪਮਾਨ ਸਮਝ ਕੇ ਉਸ ਦਾ ਦੋਸਤ ਵਾਪਸ ਘਰ ਆ ਗਿਆ। ਕੁਝ ਦੇਰ ਬਾਅਦ ਉਹ ਆਇਆ ਤਾਂ ਉਸ ਦੇ ਹੱਥ 'ਚ ਚਾਕੂ ਸੀ। ਜਦੋਂ ਤੱਕ ਕੁਝ ਲੋਕ ਸਮਝ ਪਾਉਂਦੇ ਉਸ ਨੇ ਆਦਿੱਤਿਯ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਆਦਿੱਤਿਯ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਕੇ ਦੋਸ਼ੀ ਫਰਾਰ ਹੋ ਗਿਆ। ਜ਼ਖਮੀ ਹਾਲਤ 'ਚ ਆਦਿੱਤਿਯ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਤ ਨਾਜ਼ੁਕ ਦੇਖ ਕੇ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।


Related News