ਨਹੀਂ ਰੁੱਕ ਰਹੇ ਰੇਪ ਦੇ ਮਾਮਲੇ, ਨਾਬਾਲਿਗਾ ਦਾ ਰੇਪ ਤੋਂ ਬਾਅਦ ਕੀਤਾ ਬੇਰਹਿਮੀ ਨਾਲ ਕਤਲ

10/18/2020 3:04:45 AM

ਅਹਿਮਦਾਬਾਦ - ਦੇਸ਼ 'ਚ ਰੇਪ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ। ਅਜੇ ਹਾਥਰਸ ਦਾ ਮਾਮਲਾ ਠੰਡਾ ਵੀ ਨਹੀਂ ਪਿਆ ਕਿ ਹੁਣ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਾਂਤੀਵਾੜਾ ਪੁਲਸ ਨੂੰ ਇੱਕ ਨਬਾਲਿਗ ਕੁੜੀ ਦੀ ਸਿਰ ਕਟੀ ਲਾਸ਼ ਮਿਲੀ ਹੈ। ਪੁਲਸ ਮੁਤਾਬਕ 12 ਸਾਲਾ ਇਸ ਕੁੜੀ ਨਾਲ ਪਹਿਲਾਂ ਰੇਪ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਦੋਸ਼ੀ ਕੁੜੀ ਦਾ ਰਿਸ਼ਤੇਦਾਰ ਹੈ। ਜਾਣਕਾਰੀ ਮੁਤਾਬਕ ਦੋਸ਼ੀ ਸ਼ੁੱਕਰਵਾਰ ਨੂੰ ਨਬਾਲਿਗ ਕੁੜੀ ਨੂੰ ਆਪਣੇ ਨਾਲ ਬਾਇਕ 'ਤੇ ਬਿਠਾ ਕੇ ਲੈ ਗਿਆ ਸੀ। ਪੁਲਸ ਮੁਤਾਬਕ ਇਸ ਸ਼ਖਸ ਨੇ ਨਬਾਲਿਗ ਕੁੜੀ ਨਾਲ ਪਹਿਲਾਂ ਰੇਪ ਕੀਤਾ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ।

ਨਬਾਲਿਗ ਕੁੜੀ ਸ਼ੁੱਕਰਵਾਰ ਨੂੰ ਬਨਾਸਕਾਂਠਾ ਦੇ ਡੀਸਾ ਤੋਂ ਗਾਇਬ ਹੋਈ ਸੀ। ਜਿਸ ਤੋਂ ਬਾਅਦ ਦਾਂਤੀਵਾੜਾ ਪੁਲਸ ਨੇ ਸ਼ਨੀਵਾਰ ਨੂੰ ਕੁੜੀ ਦੀ ਸਿਰ ਕਟੀ ਲਾਸ਼ ਬਰਾਮਦ ਕੀਤੀ ਹੈ। ਪੁਲਸ ਪ੍ਰਧਾਨ ਨੇ ਇਹ ਯਕੀਨੀ ਕੀਤਾ ਹੈ ਕਿ ਕੁੜੀ ਨਾਲ ਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਨੂੰ ਲੈ ਕੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਣੀ ਨੇ ਪੀ.ਐੱਮ. ਮੋਦੀ 'ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ਭਾਰਤ ਮਾਤਾ ਦਾ ਗੁਜਰਾਤ 'ਚ ਗਲਾ ਕੱਟ ਦਿੱਤਾ। ਅਸੀਂ ਵਾਰ-ਵਾਰ ਕਹਿ ਰਹੇ ਸੀ ਕਿ ਪੀ.ਐੱਮ. ਮੋਦੀ ਹਾਥਰਸ ਮਾਮਲੇ 'ਚ ਕੁੱਝ ਬੋਲੋ ਪਰ ਉਨ੍ਹਾਂ ਨੇ ਇੱਕ ਸ਼ਬਦ ਨਹੀਂ ਕਿਹਾ। ਹੁਣ ਦੇਖੋ ਗੁਜਰਾਤ ਦੇ ਦਾਂਤੀਵਾੜਾ 'ਚ ਇੱਕ 12 ਸਾਲਾ ਮਾਸੂਮ ਬੱਚੀ ਦਾ ਗਲਾ ਕੱਟ ਦਿੱਤਾ ਗਿਆ। ਇਹ ਕਿਹੜਾ ਵਿਕਾਸ ਹੈ? ਇੱਥੇ ਤਾਂ ਕਾਨੂੰਨ ਅਤੇ ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਹਨ।


Inder Prajapati

Content Editor Inder Prajapati