ਨਾਬਾਲਗ ਨੇ ਮਾਸੂਮ ਭੈਣ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰਿਆ
Saturday, Mar 01, 2025 - 12:42 AM (IST)

ਬਹਿਰਾਈਚ, (ਯੂ. ਐੱਨ. ਆਈ.)- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਦੇ ਰਾਮਗਾਓਂ ਇਲਾਕੇ ਵਿਚ ਇਕ ਨਾਬਾਲਗ ਨੇ ਗੁੱਸੇ ਵਿਚ ਆ ਕੇ ਆਪਣੀ 10 ਮਹੀਨਿਆਂ ਦੀ ਮਾਸੂਮ ਭੈਣ ਨੂੰ ਇੱਟ ਅਤੇ ਡੰਡੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਰਾ ਅਤੇ ਭੈਣ ਵੀਰਵਾਰ ਦੇਰ ਸ਼ਾਮ ਖੇਡ ਰਹੇ ਸਨ। ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਨਾਬਾਲਗ ਨੇ ਗੁੱਸੇ ਵਿਚ ਆ ਕੇ ਆਪਣੀ ਭੈਣ ’ਤੇ ਹਮਲਾ ਕਰ ਦਿੱਤਾ। ਚੀਕਾਂ ਸੁਣ ਕੇ ਮਾਂ ਦੌੜੀ ਆਈ ਅਤੇ ਤੁਰੰਤ ਬੱਚੀ ਨੂੰ ਨਜ਼ਦੀਕੀ ਹਸਪਤਾਲ ਲੈ ਗਈ ਪਰ ਉੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਏਰੀਆ ਅਫ਼ਸਰ ਡੀ. ਕੇ. ਸ਼੍ਰੀਵਾਸਤਵ ਨੇ ਦੱਸਿਆ ਕਿ ਗੁਆਂਢੀਆਂ ਦਾ ਕਹਿਣਾ ਹੈ ਕਿ ਨਾਬਾਲਗ ਭਰਾ ਮਾਨਸਿਕ ਤੌਰ ’ਤੇ ਅਸਥਿਰ ਹੋ ਸਕਦਾ ਹੈ ਅਤੇ ਉਨ੍ਹਾਂ ਖਦਸ਼ਾ ਵੀ ਪ੍ਰਗਟ ਕੀਤਾ ਕਿ ਉਹ ਕਿਸੇ ਹੋਰ ਛੋਟੇ ਬੱਚੇ ’ਤੇ ਵੀ ਹਮਲਾ ਕਰ ਸਕਦਾ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਨਾਬਾਲਗ ਵੱਲੋਂ ਕੀਤਾ ਗਿਆ ਇਹ ਕੰਮ ਕਾਨੂੰਨੀ ਤੌਰ ’ਤੇ ਅਪਰਾਧ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ।