ਰੱਖਿਆ ਮੰਤਰਾਲੇ ਦੀ ਕਮੇਟੀ ਤੋਂ ਕੱਢੀ ਗਈ ਸਾਧਵੀ ਪ੍ਰਗਿਆ, ਭਾਜਪਾ ਵੀ ਕਰ ਸਕਦੀ ਹੈ ਬਾਹਰ

11/28/2019 11:58:46 AM

ਨਵੀਂ ਦਿੱਲੀ— ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਣਾ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਨੂੰ ਮਹਿੰਗਾ ਪੈ ਗਿਆ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਸਾਧਵੀ ਪ੍ਰਗਿਆ ਨੂੰ ਰੱਖਿਆ ਮੰਤਰਾਲੇ ਦੀ ਸੰਸਦੀ ਕਮੇਟੀ 'ਚੋਂ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਸੈਸ਼ਨ ਦੌਰਾਨ ਹੋਣ ਵਾਲੇ ਭਾਜਪਾ ਸੰਸਦੀ ਦਲ ਦੀਆਂ ਬੈਠਕਾਂ 'ਚ ਵੀ ਸਾਧਵੀ ਪ੍ਰਗਿਆ ਨੂੰ ਨਹੀਂ ਆਉਣ ਦਾ ਫਰਮਾਨ ਸੁਣਾਇਆ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਾਧਵੀ ਪ੍ਰਗਿਆ ਵਿਰੁੱਧ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਡੀ ਕਾਰਵਾਈ ਕਰੇਗੀ। ਉਨ੍ਹਾਂ ਨੂੰ ਪਾਰਟੀ ਤੋਂ ਬਰਖ਼ਾਸਤ ਵੀ ਕੀਤਾ ਜਾ ਸਕਦਾ ਹੈ। ਭਾਜਪਾ ਦੇ ਕਾਰਜਵਾਹਕ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਸੰਸਦ 'ਚ ਕੱਲ ਦਾ ਉਨ੍ਹਾਂ ਦਾ ਬਿਆਨ ਨਿੰਦਾਯੋਗ ਹੈ। ਭਾਜਪਾ ਕਦੇ ਵੀ ਇਸ ਤਰ੍ਹਾਂ ਦੇ ਬਿਆਨ ਜਾਂ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦੀ ਹੈ।

ਇਹ ਹੈ ਪੂਰਾ ਮਾਮਲਾ
ਲੋਕ ਸਭਾ 'ਚ ਜਦੋਂ ਐੱਸ.ਪੀ.ਜੀ. ਸੋਧ ਬਿੱਲ 'ਤੇ ਚਰਚਾ ਦੌਰਾਨ ਡੀ.ਐੱਮ.ਕੇ. ਦੇ ਸੰਸਦ ਮੈਂਬਰ ਏ.ਰਾਜਾ ਗੋਡਸੇ ਦੇ ਇਕ ਬਿਆਨ ਦਾ ਹਵਾਲਾ ਦੇ ਰਹੇ ਸਨ ਕਿ ਉਸ ਨੇ ਮਹਾਤਮਾ ਗਾਂਧੀ ਨੂੰ ਕਿਉਂ ਮਾਰਿਆ ਤਾਂ ਸਾਧਵੀ ਪ੍ਰਗਿਆ ਨੇ ਉਨ੍ਹਾਂ ਨੂੰ ਟੋਕ ਦਿੱਤਾ। ਸਾਧਵੀ ਨੇ ਕਿਹਾ,''ਤੁਸੀਂ ਇਕ ਦੇਸ਼ ਭਗਤ ਦਾ ਉਦਾਹਰਣ ਨਹੀਂ ਦੇ ਸਕਦੇ।'' ਹਾਲਾਂਕਿ ਪ੍ਰਗਿਆ ਸਿੰਘ ਠਾਕੁਰ ਦੇ ਬਿਆਨ ਨੂੰ ਲੋਕ ਸਭਾ ਦੇ ਰਿਕਾਰਡ ਤੋਂ ਹਟਾ ਦਿੱਤਾ ਗਿਆ।

ਸਾਧਵੀ ਪ੍ਰਗਿਆ ਦੇ ਬਿਆਨ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ,''ਅੱਜ ਦੇਸ਼ ਦੀ ਸੰਸਦ 'ਚ ਖੜ੍ਹੇ ਹੋ ਕੇ ਭਾਜਪਾ ਦੀ ਇਕ ਸੰਸਦ ਮੈਂਬਰ ਨੇ ਗੋਡਸੇ ਨੂੰ ਦੇਸ਼ ਭਗਤ ਬੋਲ ਹੀ ਦਿੱਤਾ। ਹੁਣ ਪ੍ਰਧਾਨ ਮੰਤਰੀ ਜੀ (ਜਿਨ੍ਹਾਂ ਨੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਧੂਮਧਾਮ ਨਾਲ ਮਨਾਈ) ਤੋਂ ਅਪੀਲ ਹੈ ਕਿ ਦਿਲ ਨਾਲ ਦੱਸ ਦੇਈਏ ਕਿ ਗੋਡਸੇ ਬਾਰੇ ਉਨ੍ਹਾਂ ਦੇ ਕੀ ਵਿਚਾਰ ਹਨ? ਮਹਾਤਮਾ ਗਾਂਧੀ ਅਮਰ ਹਨ।''

ਇਹ ਕੋਈ ਪਹਿਲੀ ਵਾਰ ਨਹੀਂ ਕਿ ਪ੍ਰਗਿਆ ਸਿੰਘ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੋਵੇ। ਲੋਕ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਪ੍ਰਗਿਆ ਸਿੰਘ ਠਾਕੁਰ ਦੇ ਬਿਆਨ 'ਤੇ ਪੀ.ਐੱਮ. ਮੋਦੀ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਪੀ.ਐੱਮ. ਨੇ ਕਿਹਾ ਸੀ ਕਿ ਭਾਵੇਂ ਹੀ ਇਸ ਮਾਮਲੇ 'ਚ ਸਾਧਵੀ ਪ੍ਰਗਿਆ ਨੇ ਮੁਆਫ਼ੀ ਮੰਗ ਲਈ ਹੋਵੇ ਪਰ ਮੈਂ ਆਪਣੇ ਮਨ ਤੋਂ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰ ਪਾਵਾਂਗਾ।


DIsha

Content Editor

Related News