ਮੰਤਰੀ ਦੇ ਨਵੀਨਤਾ ਸਬੰਧੀ ਉਪਦੇਸ਼ ਨਾਲ ਨੌਕਰਸ਼ਾਹੀ ’ਚ ਰੋਸ

Tuesday, Oct 14, 2025 - 11:48 PM (IST)

ਮੰਤਰੀ ਦੇ ਨਵੀਨਤਾ ਸਬੰਧੀ ਉਪਦੇਸ਼ ਨਾਲ ਨੌਕਰਸ਼ਾਹੀ ’ਚ ਰੋਸ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਦਫ਼ਤਰ ਅਤੇ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਹਾਲ ਹੀ ਵਿਚ ਹਲਚਲ ਮਚਾ ਦਿੱਤੀ ਹੈ—ਨਵੀਆਂ ਪਹਿਲਕਦਮੀਆਂ ਦਾ ਐਲਾਨ ਕਰ ਕੇ ਨਹੀਂ, ਸਗੋਂ ਭਾਰਤ ਦੀ ਨੌਕਰਸ਼ਾਹੀ ਨੂੰ ਨਿਸ਼ਾਨਾ ਬਣਾ ਕੇ। ਸਿੰਘ ਨੇ ਸੂਬਿਆਂ ’ਤੇ ਵਿਗਿਆਨ ਵਿਭਾਗਾਂ ਨੂੰ ‘ਕੂੜਾਘਰ’ ਸਮਝਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਜ਼ਿਆਦਾਤਰ ਆਈ. ਏ. ਐੱਸ. ਅਧਿਕਾਰੀ ਅਜਿਹੀਆਂ ਨਿਯੁਕਤੀਆਂ ਨੂੰ ਸਜ਼ਾ ਸਮਝਦੇ ਹਨ। ਉਨ੍ਹਾਂ ਕਿਹਾ, ‘‘ਨਵੀਨਤਾ ਤਰਜੀਹ ਨਹੀਂ ਹੈ,’’ ਅਤੇ ਭਾਰਤ ਦੇ ਮਾੜੇ ਨਵੀਨਤਾ ਰਿਕਾਰਡ ਲਈ ਉਨ੍ਹਾਂ ਨੇ ਸਿੱਧੇ ਤੌਰ ’ਤੇ ਨੌਕਰਸ਼ਾਹਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਪਰ ਸਿੰਘ ਨੇ ਜੋ ਚਿਤਾਵਨੀ ਦੇਣ ਦੀ ਗੱਲ ਕਹੀ ਸੀ, ਉਸਨੂੰ ਨੌਕਰਸ਼ਾਹੀ ਨੇ ਸਿਰਫ ਉਂਗਲ ਚੁੱਕਣ ਵਜੋਂ ਦੇਖਿਆ ਹੈ। ਸੀਨੀਅਰ ਅਧਿਕਾਰੀ ਨਿੱਜੀ ਤੌਰ ’ਤੇ ਦਲੀਲ ਦਿੰਦੇ ਹਨ ਕਿ ਮੰਤਰੀ ਦੇ ਸ਼ਬਦ ਉਪਦੇਸ਼ ਦੇਣ ਦੇ ਬਰਾਬਰ ਹਨ ਅਤੇ ਉਹ ਅਸਲ ਮੁੱਦੇ ਨੂੰ ਸਵੀਕਾਰ ਨਹੀਂ ਕਰਦੇ, ਭਾਰਤ ਦਾ ਖੋਜ ਅਤੇ ਵਿਕਾਸ ਵਿਚ ਨਿਵੇਸ਼ ਬੇਹੱਦ ਘੱਟ ਹੈ। ਇਹ ਜੀ. ਡੀ. ਪੀ. ਦੇ ਸਿਰਫ਼ 0.6-0.7% ਹੈ , ਜੋ ਚੀਨ (2.4%), ਅਮਰੀਕਾ (3.5%), ਅਤੇ ਇਜ਼ਰਾਈਲ (5.4%) ਦਾ ਇਕ ਹਿੱਸਾ ਹੈ। ਇਕ ਅਧਿਕਾਰੀ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਨਵੀਨਤਾ ਉਪਦੇਸ਼ਾਂ ਨਾਲ ਨਹੀਂ ਚਲ ਸਕਦਾ। ਫੰਡਿੰਗ, ਕਰਮਚਾਰੀਆਂ ਜਾਂ ਮਿਸ਼ਨ-ਮੋਡ ਸਮਰਥਨ ਤੋਂ ਬਿਨਾਂ, ਸੂਬੇ ਕਿਵੇਂ ਕੰਮ ਕਰ ਸਕਦੇ ਹਨ?

ਅਧਿਕਾਰੀ ਇਹ ਵੀ ਸਵਾਲ ਉਠਾਉਂਦੇ ਹਨ ਕਿ ਵਿਗਿਆਨ ਵਿਭਾਗਾਂ ਦੀ ਸਹਾਇਤਾ ਲਈ ਕੋਈ ਵਿਸ਼ੇਸ਼ ਬਜਟ, ਪ੍ਰੋਤਸਾਹਨ ਜਾਂ ਸੰਸਥਾਗਤ ਸਬੰਧ ਕਿਉਂ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਟਾਫ਼ਾਂ ਦੀ ਘਾਟ ਅਤੇ ਪੁਰਾਣੀਆਂ ਪ੍ਰਯੋਗਸ਼ਾਲਾਵਾਂ ਦੇ ਨਾਲ, ਉਤਸ਼ਾਹ ਸੁਭਾਵਿਕ ਤੌਰ ’ਤੇ ਘੱਟ ਹੈ। ਇਕ ਹੋਰ ਨੇ ਟਿੱਪਣੀ ਕੀਤੀ ਕਿ ਕਿਸੇ ਹੋਰ ’ਤੇ ਜ਼ਿੰਮੇਵਾਰੀ ਸੁੱਟਣ ਨਾਲ ਜ਼ਮੀਨੀ ਹਕੀਕਤ ਨਹੀਂ ਬਦਲੇਗੀ। ਨੀਤੀ ਮਾਹਿਰ ਚਿਤਾਵਨੀ ਦਿੰਦੇ ਹਨ ਕਿ ਸਿੰਘ ਦੇ ਇਸ ਬਿਆਨ ਨਾਲ ਨੀਤੀ ਨਿਰਮਾਤਾਵਾਂ ਅਤੇ ਲਾਗੂ ਕਰਨ ਵਾਲਿਆਂ ਵਿਚਕਾਰ ਵਿਸ਼ਵਾਸ ਪਾੜਾ ਵਧਣ ਦਾ ਖ਼ਤਰਾ ਹੈ।

ਇਕ ਵਿਸ਼ਲੇਸ਼ਕ ਨੇ ਕਿਹਾ ਕਿ ਨਵੀਨਤਾ ਲਈ ਉੱਪਰ ਤੋਂ ਲੀਡਰਸ਼ਿਪ ਦੀ ਲੋੜ ਹੁੰਦੀ ਹੈ, ਹੇਠਾਂ ਤੋਂ ਕੋਈ ਲੈਕਚਰ ਦੀ ਨਹੀਂ। ਵਿਵਸਥਾ ਵਿਚ ਕਈ ਲੋਕਾਂ ਲਈ ਸਿੰਘ ਦੀਆਂ ਟਿੱਪਣੀਆਂ ਇਕ ਜਾਣਾ-ਪਛਾਣਿਆ ਪੈਟਰਨ ਦਰਸਾਉਂਦੀਆਂ ਹਨ : ਜਦੋਂ ਨਤੀਜੇ ਕਮਜ਼ੋਰ ਪੈਂਦੇ ਹਨ ਤਾਂ ਨੀਤੀਗਤ ਕਮੀਆਂ ਦਾ ਸਾਹਮਣਾ ਕਰਨ ਦੀ ਥਾਂ ਨੌਕਰਸ਼ਾਹੀ ਨੂੰ ਦੋਸ਼ ਦੇਣ ਦੀ ਪ੍ਰਵਿਰਤੀ ਹੁੰਦੀ ਹੈ।


author

Rakesh

Content Editor

Related News