ਹਰਿਆਣਾ: ਨਾਜਾਇਜ਼ ਮਾਈਨਿੰਗ ਰੋਕਣ ਗਏ DSP ਦਾ ਟਿੱਪਰ ਥੱਲੇ ਦੇ ਕੇ ਕਤਲ
Tuesday, Jul 19, 2022 - 02:10 PM (IST)
ਗੁਰੂਗ੍ਰਾਮ– ਹਰਿਆਣਾ ’ਚ ਭੂ-ਮਾਫੀਆ ਦੀ ਨਿਡਰਤਾ ਇਕ ਵਾਰ ਫਿਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਨੂਹ ’ਚ ਭੂ-ਮਾਫੀਆ ਨੇ ਡੀ.ਐੱਸ.ਪੀ. ’ਤੇ ਗੱਡੀ ਚੜਾ ਦਿੱਤੀ ਜਿਸ ਨਾਲ ਡੀ.ਐੱਸ.ਪੀ. ਸੁਰਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਡੀ.ਐੱਸ.ਪੀ. ਸੁਰਿੰਦਰ ਤਾਵੜੂ ’ਚ ਤਾਇਨਾਤ ਸਨ। ਉਹ ਤਾਵੜੂ ਦੀ ਪਹਾੜੀ ’ਚ ਨਾਜਾਇਜ਼ ਮਾਈਨਿੰਗ ਦੀ ਸੂਚਨਾ ’ਤੇ ਛਾਪਾ ਮਾਰਨ ਗਏ ਸਨ। ਕਾਰਵਾਈ ਦੌਰਾਨ ਡੀ.ਐੱਸ.ਪੀ. ਸੁਰਿੰਦਰ ਨੇ ਘਟਨਾ ਵਾਲੀ ਥਾਂ ’ਤੇ ਪੱਥਰਾਂ ਨਾਲ ਭਰੇ ਟਿੱਪਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨੇ ਟਿੱਪਰ ਰੋਕਣ ਦੀ ਬਜਾਏ ਉਨ੍ਹਾਂ ਨੇ ਉਪਰ ਚੜਾ ਦਿੱਤਾ। ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ’ਤੇ ਫਰਾਰ ਹੋ ਗਏ। ਪੁਲਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪੁਲਸ ਮਹਿਕਮੇ ’ਚ ਹਫੜਾ-ਦਫੜੀ ਮਚ ਗਈ ਹੈ। ਆਈ.ਜੀ. ਅਤੇ ਨੂਹ ਦੇ ਐੱਸ.ਪੀ. ਮੌਕੇ ’ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਸਵੇਰੇ 11 ਵਜੇ ਉਨ੍ਹਾਂ ਨੂੰ ਨਾਜਾਇਜ਼ ਮਾਈਨਿੰਗ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸਾਢੇ 11 ਵਜੇ ਆਪਣੇ ਸਟਾਫ ਨਾਲ ਉਹ ਉੱਥੇ ਪਹੁੰਚੇ। ਉਨ੍ਹਾਂ ਨੂੰ ਵੇਖ ਕੇ ਉੱਥੇ ਮੌਜੂਦ ਲੋਕਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਡੀ.ਐੱਸ.ਪੀ. ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਚਾਹੇ ਜਿੰਨੀ ਪੁਲਸ ਲਗਾਉਣੀ ਪਵੇ, ਅਸੀਂ ਕਿਸੇ ਵੀ ਦੋਸ਼ੀ ਨੂੰ ਨਹੀਂ ਛੱਡਾਂਗੇ।
ਘਟਨਾ ਵਾਲੀ ਥਾਂ ’ਤੇ ਪਹੁੰਚੇ ਐੱਸ.ਐੱਚ.ਓ. ਨੇ ਦੱਸਿਆ ਕਿ ਡੀ.ਐੱਸ.ਪੀ. ਸਿਰਫ ਸਟਾਫ ਦੇ ਨਾਲ ਗਏ ਸਨ। ਉਨ੍ਹਾਂ ਦੇ ਨਾਲ ਪੁਲਸ ਫੋਰਸ ਨਹੀਂ ਸੀ। ਉੱਥੇ ਹੀ ਚਸ਼ਮਦੀਦ ਨੇ ਦੱਸਿਆ ਕਿ ਡੀ.ਐੱਸ.ਪੀ. ਆਪਣੇ ਅਧਿਕਾਰਤ ਵਾਹਨ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਵਾਲੇ ਵਾਹਨ ਨੂੰ ਰੁਕਣ ਲਈ ਕਿਹਾ ਤਾਂ ਟਿੱਪਰ ਚਾਲਕ ਨੇ ਗੱਡੀ ਉਨ੍ਹਾਂ ਨੇ ਉੱਤੇ ਚੜਾ ਦਿੱਤੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਚਾਲਕ ਫਰਾਰ ਹੋ ਗਿਆ। ਪੁਲਸ ਨੇ ਟਿੱਪਰ ਚਾਲਕ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।