ਦਿੱਲੀ ''ਚ ਤਾਪਮਾਨ 6.6 ਡਿਗਰੀ ਸੈਲਸੀਅਸ, ਰੇਲ ਆਵਾਜਾਈ ਹੋਈ ਪ੍ਰਭਾਵਿਤ
Thursday, Jan 18, 2024 - 12:56 PM (IST)
ਨਵੀਂ ਦਿੱਲੀ- ਦਿੱਲੀ 'ਚ ਵੀਰਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਛਾਈ ਰਹੀ ਅਤੇ ਘੱਟੋ-ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਇਸ ਮੌਸਮ ਦੇ ਔਸਤ ਤਾਪਮਾਨ ਤੋਂ ਇਕ ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਭਾਰਤ ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨ ਵਿਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਮੱਧ ਤੋਂ ਸੰਘਣੀ ਧੁੰਦ ਛਾਏ ਰਹਿਣ ਲਈ 'ਯੈਲੋ ਅਲਰਟ' ਜਾਰੀ ਕੀਤਾ ਹੈ।
ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 18 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। IMD ਨੇ 'ਐਕਸ' 'ਤੇ ਪੋਸਟ ਵਿਚ ਕਿਹਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਦੇਰ ਰਾਤ ਸਾਢੇ 12 ਵਜੇ ਤੋਂ ਸਵੇਰੇ ਸਾਢੇ 6 ਵਜੇ ਤੱਕ ਸੰਘਣੀ ਧੁੰਦ ਛਾਈ ਰਹੀ। ਇਸ ਦੌਰਾਨ ਵਿਜੀਬਿਲਟੀ ਦਾ ਪੱਧਰ 50 ਤੋਂ 100 ਮੀਟਰ ਵਿਚਾਲੇ ਸੀ। ਹਾਲਾਂਕਿ ਹੁਣ ਇਸ ਵਿਚ ਸੁਧਾਰ ਹੋਇਆ ਹੈ ਅਤੇ ਵਿਜੀਬਿਲਟੀ ਦਾ ਪੱਧਰ 300 ਮੀਟਰ 'ਤੇ ਪਹੁੰਚ ਗਿਆ।
ਮੌਸਮ ਵਿਭਾਗ ਅਨੁਸਾਰ ਜਦੋਂ ਵਿਜ਼ੀਬਿਲਟੀ ਜ਼ੀਰੋ ਤੋਂ 50 ਮੀਟਰ ਦੇ ਵਿਚਕਾਰ ਹੁੰਦੀ ਹੈ ਤਾਂ ਇਹ ਬਹੁਤ ਸੰਘਣੀ ਧੁੰਦ ਹੁੰਦੀ ਹੈ, 51 ਤੋਂ 200 ਮੀਟਰ ਦਰਮਿਆਨ ਸੰਘਣੀ ਧੁੰਦ, 201 ਤੋਂ 500 ਮੀਟਰ ਦਰਮਿਆਨ ਦਰਮਿਆਨੀ ਅਤੇ 501 ਤੋਂ 1000 ਮੀਟਰ ਦਰਮਿਆਨ ਹਲਕੀ ਧੁੰਦ ਹੁੰਦੀ ਹੈ। ਰਾਸ਼ਟਰੀ ਰਾਜਧਾਨੀ 'ਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ 368 ਸੀ, ਜੋ "ਬਹੁਤ ਮਾੜੀ" ਸ਼੍ਰੇਣੀ ਵਿਚ ਆਉਂਦਾ ਹੈ।