"ਵੋਟ ਨਹੀਂ ਪਾਈ ਤਾਂ ਵੋਟਰ ਲਿਸਟ ''ਚੋਂ ਕੱਟਿਆ ਜਾਵੇਗਾ ਨਾਂ"; ਅਫਵਾਹਾਂ ਕਾਰਨ ਬੰਗਾਲ ਪਰਤ ਰਹੇ ਲੱਖਾਂ ਮਜ਼ਦੂਰ
Monday, Apr 20, 2026 - 02:18 PM (IST)
ਨੈਸ਼ਨਲ ਡੈਸਕ : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 2026 ਦੇ ਵਿਚਕਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬੰਗਾਲ ਪਰਤਣ ਵਾਲੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਖਾਸ ਕਰਕੇ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹਿਆਂ ਜਿਵੇਂ ਮਾਲਦਾ ਅਤੇ ਮੁਰਸ਼ਿਦਾਬਾਦ ਦੇ ਲੋਕ ਵੱਡੀ ਗਿਣਤੀ ਵਿੱਚ ਦਿੱਲੀ, ਮੁੰਬਈ, ਕੇਰਲ ਅਤੇ ਸੂਰਤ ਵਰਗੇ ਸ਼ਹਿਰਾਂ ਤੋਂ ਵਾਪਸ ਆ ਰਹੇ ਹਨ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇੱਕ ਅਫਵਾਹ ਦੱਸੀ ਜਾ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਵੋਟ ਨਹੀਂ ਪਾਈ ਤਾਂ ਉਨ੍ਹਾਂ ਦਾ ਨਾਂ ਵੋਟਰ ਲਿਸਟ ਵਿੱਚੋਂ ਕੱਟ ਦਿੱਤਾ ਜਾਵੇਗਾ।
ਰਿਸ਼ਤੇਦਾਰਾਂ ਦੇ ਫੋਨਾਂ ਨੇ ਵਧਾਈ ਚਿੰਤਾ
ਸੂਤਰਾਂ ਅਨੁਸਾਰ ਬੰਗਾਲ ਤੋਂ ਬਾਹਰ ਰਹਿਣ ਵਾਲੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਫੋਨ ਕਰਕੇ ਵਾਪਸ ਬੁਲਾ ਰਹੇ ਹਨ। ਲੋਕਾਂ ਵਿੱਚ ਇਹ ਡਰ ਬੈਠ ਗਿਆ ਹੈ ਕਿ ਜੇਕਰ ਉਹ ਵੋਟਿੰਗ ਵਿੱਚ ਹਿੱਸਾ ਨਹੀਂ ਲੈਂਦੇ ਤਾਂ ਨਾ ਸਿਰਫ ਵੋਟਰ ਲਿਸਟ ਵਿੱਚੋਂ ਉਨ੍ਹਾਂ ਦਾ ਨਾਂ ਕੱਟਿਆ ਜਾਵੇਗਾ, ਬਲਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਅਤੇ ਬੈਂਕ ਖਾਤਿਆਂ 'ਤੇ ਵੀ ਖ਼ਤਰਾ ਮੰਡਰਾ ਸਕਦਾ ਹੈ। ਮੁੰਬਈ ਦੇ ਸਟੇਸ਼ਨਾਂ 'ਤੇ ਲੋਕ ਰਾਤ ਦੀਆਂ ਟ੍ਰੇਨਾਂ ਲਈ ਦੁਪਹਿਰ ਤੋਂ ਹੀ ਲਾਈਨਾਂ ਲਗਾ ਰਹੇ ਹਨ।
ਸੂਰਤ 'ਚ ਸਥਿਤੀ ਤਣਾਅਪੂਰਨ, ਪੁਲਿਸ ਨੇ ਚਲਾਈਆਂ ਲਾਠੀਆਂ
ਸੂਰਤ ਦੇ ਉਧਨਾ ਰੇਲਵੇ ਸਟੇਸ਼ਨ 'ਤੇ ਭੀੜ ਇੰਨੀ ਵੱਧ ਗਈ ਕਿ ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਨੂੰ ਹਲਕਾ ਬਲ ਪ੍ਰਯੋਗ ਕਰਨਾ ਪਿਆ। ਰੇਲਵੇ ਅਨੁਸਾਰ ਲੋਕ ਬੈਰੀਕੇਡ ਟੱਪ ਕੇ ਸਟੇਸ਼ਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਕਾਰਨ ਭਗਦੜ ਵਰਗੀ ਸਥਿਤੀ ਬਣ ਗਈ ਸੀ। ਰੇਲਵੇ ਨੇ ਭੀੜ ਨੂੰ ਸੰਭਾਲਣ ਲਈ ਸਪੈਸ਼ਲ ਟ੍ਰੇਨਾਂ ਦਾ ਪ੍ਰਬੰਧ ਵੀ ਕੀਤਾ ਹੈ।
ਵਿਦੇਸ਼ਾਂ ਤੋਂ ਵੀ ਵੋਟ ਪਾਉਣ ਪਹੁੰਚ ਰਹੇ ਲੋਕ
ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਮਜ਼ਦੂਰ ਹੀ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵਸੇ ਬੰਗਾਲੀ (NRI) ਵੀ ਵੋਟ ਪਾਉਣ ਲਈ ਵਾਪਸ ਆ ਰਹੇ ਹਨ। ਸਿਲੀਕਾਨ ਵੈਲੀ (ਅਮਰੀਕਾ), ਬੈਲਜੀਅਮ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਲੋਕ ਸਿਰਫ ਇਸ ਲਈ ਆਏ ਹਨ ਤਾਂ ਜੋ ਉਹ ਵੋਟ ਪਾ ਕੇ ਬੰਗਾਲ ਵਿੱਚ "ਪਰਿਵਰਤਨ ਅਤੇ ਵਿਕਾਸ" ਲਿਆ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
