ਜੇਕਰ PM ਪੁਲਸ ਦਾ ਸਨਮਾਨ ਕਰਦੇ ਹਨ ਤਾਂ ਪ੍ਰਗਿਆ ਦਾ ਟਿਕਟ ਵਾਪਸ ਲੈਣ : ਦੇਵੜਾ
Saturday, Apr 27, 2019 - 02:04 PM (IST)

ਮੁੰਬਈ— ਮੁੰਬਈ ਕਾਂਗਰਸ ਦੇ ਪ੍ਰਧਾਨ ਮਿਲਿੰਦ ਦੇਵੜਾ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਪੁਲਸ ਦਾ ਅਸਲ 'ਚ ਸਨਮਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਮਾਲੇਗਾਓਂ ਵਿਸਫੋਟ ਦੀ ਦੋਸ਼ੀ ਪ੍ਰਗਿਆ ਸਿੰਘ ਠਾਕੁਰ ਦੀ ਉਮੀਦਵਾਰੀ ਵਾਪਸ ਲੈ ਲੈਣੀ ਚਾਹੀਦੀ ਹੈ, ਜੋ ਭੋਪਾਲ ਲੋਕ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਦੇ ਰੂਪ 'ਚ ਚੋਣ ਲੜ ਰਹੀ ਹੈ। ਦੇਵੜਾ ਨੇ ਇਹ ਵੀ ਕਿਹਾ ਕਿ ਸ਼ੁੱਕਰਵਾਰ ਨੂੰ ਮੁੰਬਈ 'ਚ ਆਪਣੇ ਭਾਸ਼ਣ ਦੌਰਾਨ, ਮੋਦੀ ਵਲੋਂ ਅਸਲ ਮੁੱਦਿਆਂ ਦੀ ਬਜਾਏ, ਭਾਵਨਾਤਮਕ ਮੁੱਦਿਆਂ 'ਤੇ ਧਿਆਨ ਦਿੱਤਾ ਜਾਣਾ ਰੋਜ਼ਗਾਰ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਉਨ੍ਹਾਂ ਦੀ ਸਰਕਾਰ ਦੀ ਅਸਫਲਤਾ ਦਾ ਇਕ ਸਪੱਸ਼ਟ ਸੰਕੇਤ ਹੈ। ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਬੀਕੇਸੀ ਮੈਦਾਨ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ ਸੀ। ਮੁੰਬਈ ਦੀਆਂ 6 ਸੀਟਾਂ ਅਤੇ ਮਹਾਰਾਸ਼ਟਰ 'ਚ 11 ਸੀਟਾਂ ਲਈ ਵੋਟਿੰਗ 29 ਅਪ੍ਰੈਲ ਨੂੰ ਹੋਵੇਗੀ।
ਆਪਣੇ ਭਾਸ਼ਣ ਦੌਰਾਨ, ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਕਾਂਗਰਸ ਸਰਕਾਰ ਨੇ ਪੁਲਸ ਫੋਰਸ ਦੀ ਅਣਦੇਖੀ ਕੀਤੀ ਅਤੇ ਇਸ ਨੂੰ 'ਪੰਚਿੰਗ ਬੈਗ' 'ਚ ਬਦਲ ਦਿੱਤਾ। ਮੋਦੀ ਨੇ ਅਜਿਹੇ ਸਮੇਂ ਪੁਲਸ ਦੀ ਪ੍ਰਸ਼ੰਸਾ ਕੀਤੀ, ਜਦੋਂ ਇਕ ਹਫਤੇ ਪਹਿਲਾਂ ਹੀ ਆਈ.ਪੀ.ਐੱਸ. ਅਧਿਕਾਰੀ ਹੇਮੰਤ ਕਰਕਰੇ ਬਾਰੇ ਪ੍ਰਗਿਆ ਸਿੰਘ ਠਾਕੁਰ ਨੇ ਵਿਵਾਦਪੂਰਨ ਬਿਆਨ ਦਿੱਤਾ ਸੀ। ਦੇਵੜਾ ਨੇ ਇਕ ਬਿਆਨ 'ਚ ਕਿਹਾ ਕਿ ਮੁੰਬਈ ਵਾਲਿਆਂ ਨੂੰ ਪੁੱਛਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਹਥਿਆਰਬੰਦ ਫੋਰਸਾਂ ਅਤੇ ਬਹਾਦਰ ਪੁਲਸ ਦਾ ਅਪਮਾਨ ਕਰਨ ਵਾਲਿਆਂ ਨੂੰ ਕਿਉਂ ਉਤਸ਼ਾਹਤ ਕਰ ਰਹੇ ਹਨ। ਦੇਵੜਾ ਨੇ ਕਿਹਾ,''ਜੇਕਰ ਪ੍ਰਧਾਨ ਮੰਤਰੀ ਸਹੀ ਮਾਇਨੇ 'ਚ ਮਹਾਰਾਸ਼ਟਰ ਪੁਲਸ ਦਾ ਸਨਮਾਨ ਕਰਦੇ ਹਨ ਤਾਂ ਉਨ੍ਹਾਂ ਨੂੰ ਪ੍ਰਗਿਆ ਠਾਕੁਰ ਦਾ ਟਿਕਟ ਤੁਰੰਤ ਵਾਪਸ ਲੈ ਲੈਣਾ ਚਾਹੀਦਾ। ਸ਼ਹੀਦ ਹੇਮੰਤ ਕਰਕਰੇ ਦਾ ਸਨਮਾਨ ਕਰਨ ਲਈ ਉਹ ਘੱਟੋ-ਘੱਟ ਅਜਿਹਾ ਕਰ ਸਕਦੇ ਹਨ।'' ਉਨ੍ਹਾਂ ਨੇ ਕਿਹਾ,''ਮੁੰਬਈ ਵਾਲੇ ਸਾਡੇ ਸ਼ਹਿਰ ਦੀ ਕੁਝ ਕਾਲੀ ਯਾਦਾਂ 'ਤੇ ਰਾਜਨੀਤੀ ਕਰਨ ਲਈ ਭਾਜਪਾ ਅਤੇ ਸ਼ਿਵ ਸੈਨਾ ਨੂੰ ਮੁਆਫ਼ੀ ਨਹੀਂ ਕਰਨਗੇ।''