ਕੰਨਿਆਕੁਮਾਰੀ ਤੋਂ ਏਅਰਲਿਫਟ ਕਰ ਕੇ ਜੋਧਪੁਰ ਲਿਆਂਦਾ ਗਿਆ ਗਿਧ
Saturday, Nov 05, 2022 - 02:25 PM (IST)
ਜੋਧਪੁਰ (ਭਾਸ਼ਾ)- ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ 'ਚ 2017 'ਚ ਚੱਕਰਵਾਤ ਦੌਰਾਨ ਫਸੇ ਇਕ ਪ੍ਰਵਾਸੀ ਗਿਧ ਨੂੰ ਵੀਰਵਾਰ ਨੂੰ ਜੋਧਪੁਰ ਲਿਆਂਦਾ ਗਿਆ, ਜਿੱਥੇ ਉਹ ਸਰਦੀਆਂ 'ਚ ਆਪਣੇ ਮੂਲ ਸਥਾਨਾਂ 'ਤੇ ਆਉਣ ਵਾਲੇ ਗਿਧਾਂ ਦੇ ਝੁੰਡ ਦੇ ਸੰਪਰਕ 'ਚ ਆ ਜਾਵੇਗਾ। ਕੰਨਿਆਕੁਮਾਰੀ 'ਚ 5 ਸਾਲ ਮਾਹਿਰਾਂ ਦੀ ਦੇਖ-ਰੇਖ 'ਚ ਰਹਿਣ ਤੋਂ ਬਾਅਦ ਗਿਧ ਨੂੰ ਅਨੁਕੂਲ ਵਾਤਾਵਰਣ ਅਤੇ ਮਾਹਿਰਾਂ ਵਲੋਂ ਦੇਖਭਾਲ ਲਈ ਏਅਰਲਿਫਟ ਕਰ ਕੇ ਜੋਧਪੁਰ ਲਿਆਂਦਾ ਗਿਆ ਹੈ। ਸਿਨੇਰੀਅਸ ਪ੍ਰਜਾਤੀ ਦੇ ਗਿਧ ਨੂੰ ਮਾਹਿਰਾਂ ਵਲੋਂ ਨਿਗਰਾਨੀ 'ਚ ਇੱਥੇ ਮਾਚੀਆ ਸਫ਼ਾਰੀ ਪਾਰਕ 'ਚ ਰੱਖਿਆ ਜਾਵੇਗਾ ਅਤੇ ਬਾਅਦ 'ਚ ਉਸੇ ਨਸਲ ਦੇ ਗਿਧਾਂ ਨਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੰਗਲਾਤ ਵਿਭਾਗ ਦੀ ਟੀਮ ਨੇ ਯੋਜਨਾ ਬਣਾ ਕੇ ਇਸ ਨੂੰ ਪਹਿਲਾਂ ਕੰਨਿਆਕੁਮਾਰੀ ਤੋਂ ਚੇਨਈ, ਫਿਰ ਉੱਥੋਂ ਜੋਧਪੁਰ ਦੇ ਮਾਚੀਆ ਸਫਾਰੀ ਪਾਰਕ ’ਚ ਪਹੁੰਚਾਇਆ।
ਦੁਪਹਿਰ 2 ਵਜੇ ਗਿਧ ਨੂੰ ਜੋਧਪੁਰ ਲਿਆਂਦਾ ਗਿਆ। ਕਰੀਬ 12 ਘੰਟੇ ਦੇ ਸਫ਼ਰ ਦੌਰਾਨ ਇਸ ਨੂੰ ਭੁੱਖਾ ਰੱਖਿਆ ਗਿਆ। ਇਸ ਤੋਂ ਪਹਿਲਾਂ ਗਿਧ ਨੂੰ ਕੰਨਿਆਕੁਮਾਰੀ ਤੋਂ ਜੋਧਪੁਰ (ਲਗਭਗ 2600 ਕਿਲੋਮੀਟਰ) ਸ਼ਿਫਟ ਕਰਨ ਲਈ ਸੜਕ ਮਾਰਗ ਦੀ ਯੋਜਨਾ ਬਣਾਈ ਗਈ ਸੀ ਪਰ ਇਕ ਮਹੀਨਾ ਪਹਿਲਾਂ ਹੋਏ ਟਰਾਇਲ ’ਚ ਉਸ ਲਈ ਖ਼ਤਰਾ ਮਹਿਸੂਸ ਕੀਤਾ ਗਿਆ ਸੀ। ਅਜਿਹੇ ’ਚ ਏਅਰਲਿਫਟ ਕਰਨ ਦੀ ਯੋਜਨਾ ਬਣਾਈ ਗਈ ਸੀ। ਜੋਧਪੁਰ ’ਚ ਵੀ ਇਸ ਨੂੰ ਇਨ੍ਹਾਂ ਦੀਆਂ ਨਸਲਾਂ ’ਚ ਛੱਡਣ ਤੋਂ ਪਹਿਲਾਂ ਸਰਵੇਖਣ ਕੀਤਾ ਜਾਵੇਗਾ।