ਮਿਡ ਡੇ ਮੀਲ ਦੇ ਖਾਣੇ 'ਚ ਸਰਫ਼ ਘੋਲ ਕੇ ਪੂਰੇ ਸਕੂਲ ਨੂੰ ਪਰੋਸ'ਤਾ ! 2 ਦਰਜਨ ਵਿਦਿਆਰਥੀ ਬੀਮਾਰ
Wednesday, Aug 19, 2026 - 11:44 AM (IST)
ਨਾਲੰਦਾ- ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ 'ਚ ਮੰਗਲਵਾਰ ਨੂੰ ਮਿਡ ਡੇ ਮੀਲ ਖਾਣ ਮਗਰੋਂ 2 ਦਰਜਨ ਤੋਂ ਜ਼ਿਆਦਾ ਵਿਦਿਆਰਥੀ ਬੀਮਾਰ ਪੈ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨੁਸਰਾਏ ਥਾਣਾ ਖੇਤਰ ਦੇ ਅਧੀਨ ਪੈਂਦੇ ਪਾਰਸੀ ਸਥਿਤ ਸਕੂਲ 'ਚ ਵਾਪਰੀ। ਅਧਿਕਾਰੀਆਂ ਅਨੁਸਾਰ, ਪ੍ਰਭਾਵਿਤ ਵਿਦਿਆਰਥੀਆਂ ਨੂੰ ਬਿਹਾਰਸ਼ਰੀਫ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਸਿਵਲ ਸਰਜਨ ਡਾ. ਜੈ ਪ੍ਰਕਾਸ਼ ਸਿੰਘ ਹਸਪਤਾਲ ਪਹੁੰਚੇ ਅਤੇ ਬੱਚਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਾਰੇ ਬੱਚੇ ਖ਼ਤਰੇ ਤੋਂ ਬਾਹਰ ਹਨ। ਸਕੂਲ ਦੇ ਹੈੱਡਮਾਸਟਰ ਸ਼ੈਲੇਂਦਰ ਕੁਮਾਰ ਸਿੰਘ ਨੇ ਕਿਹਾ ਕਿ ਕੋਲ ਦੇ ਇਕ ਗੈਰ-ਸਰਕਾਰੀ ਸੰਗਠਨ (ਐੱਨਜੀਓ) ਵਲੋਂ ਮਿਡ ਡੇ ਮੀਲ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਮੰਗਲਵਾਰ ਤੈਅ ਮੀਨੂ ਅਨੁਸਾਰ ਸੋਇਆਬੀਨ ਅਤੇ ਚੌਲ ਪਰੋਸੇ ਗਏ। ਹੈੱਡਮਾਸਟਰ ਦੇ ਅਨੁਸਾਰ, ਕੁਝ ਵਿਦਿਆਰਥੀਆਂ ਦੇ ਖਾਣਾ ਖਾਣ ਤੋਂ ਬਾਅਦ ਦੂਜੀ ਲਾਈਨ 'ਚ ਬੈਠੇ ਬੱਚਿਆਂ ਨੇ ਲੂਣ ਘੱਟ ਹੋਣ ਦੀ ਸ਼ਿਕਾਇਤ ਕੀਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਰਸੋਈ 'ਚ ਉਸੇ ਜਗ੍ਹਾ 'ਤੇ ਕਥਿਤ ਤੌਰ 'ਤੇ ਲੂਣ ਅਤੇ ਡਿਟਰਜੈਂਟ (ਸਰਫ਼) ਪਾਊਡਰ ਦੇ ਡੱਬੇ ਰੱਖੇ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਅਜਿਹਾ ਹੋ ਸਕਦਾ ਹੈ ਕਿ ਰਸੋਈਏ ਨੇ ਗਲਤੀ ਨਾਲ ਖਾਣੇ 'ਚ ਡਿਟਰਜੈਂਟ ਪਾਊਡਰ ਲੂਣ ਸਮਝ ਕੇ ਭੋਜਨ 'ਚ ਮਿਲਾ ਦਿੱਤਾ। ਖਾਣਾ ਖਾਣ ਤੋਂ ਥੋੜ੍ਹੀ ਦੇਰ ਬਾਅਦ ਕਈ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ ਅਤੇ ਚੱਕਰ ਆਉਣ ਦੀ ਸ਼ਿਕਾਇਤ ਹੋਈ। ਹੈੱਡਮਾਸਟਰ ਨੇ ਦੱਸਿਆ ਕਿ ਬੱਚਿਆਂ ਨੂੰ ਸਕੂਲ 'ਚ ਮੁੱਢਲੀ ਸਹਾਇਤਾ ਦਿੱਤੀ ਗਈ ਸੀ, ਪਰ ਜਦੋਂ ਉਨ੍ਹਾਂ ਦੀ ਹਾਲਤ 'ਚ ਸੁਧਾਰ ਨਹੀਂ ਹੋਇਆ, ਤਾਂ ਉਨ੍ਹਾਂ ਨੂੰ ਸਦਰ ਹਸਪਤਾਲ ਲਿਜਾਇਆ ਗਿਆ। ਘਟਨਾ ਬਾਰੇ ਪਤਾ ਲੱਗਣ 'ਤੇ, ਬਿਹਾਰ ਦੇ ਪੇਂਡੂ ਵਿਕਾਸ ਅਤੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ਼ਰਵਣ ਕੁਮਾਰ, ਸਦਰ ਹਸਪਤਾਲ ਗਏ ਅਤੇ ਪ੍ਰਭਾਵਿਤ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਡਾਕਟਰਾਂ ਤੋਂ ਬੱਚਿਆਂ ਦੀ ਸਥਿਤੀ ਬਾਰੇ ਵੀ ਪੁੱਛਿਆ। ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਿਡ ਡੇ ਮੀਲ 'ਚ ਕਮੀ ਦੇ ਕਾਰਨ ਦਾ ਪਤਾ ਲਗਾਉਣ ਲਈ ਇਕ ਵਿਸਥਾਰਤ ਜਾਂਚ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
