ਸਰਕਾਰੀ ਸਕੂਲਾਂ ''ਚ ਬੱਚਿਆਂ ਨੂੰ ਮਿਡ-ਡੇ-ਮੀਲ ''ਚ 6 ਦਿਨ ਮਿਲਣਗੇ ਆਂਡੇ ਅਤੇ ਕੇਲੇ
Friday, Mar 07, 2025 - 04:09 PM (IST)

ਬੈਂਗਲੁਰੂ- ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਨੂੰ ਹਫ਼ਤੇ 'ਚ 6 ਦਿਨ ਮਿਡ-ਡੇ-ਮੀਲ ਭੋਜਨ ਵਿਚ ਆਂਡੇ ਅਤੇ ਕੇਲੇ ਦਿੱਤੇ ਜਾਣਗੇ। ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਆਗਾਮੀ ਸਾਲ ਵਿਚ 1500 ਕਰੋੜ ਰੁਪਏ ਦਾ ਨਿਵੇਸ਼ ਜਾਰੀ ਰੱਖੇਗੀ। ਵਿਧਾਨ ਸਭਾ ਬਜਟ ਪੇਸ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕਰੀਬ 53 ਲੱਖ ਸਕੂਲੀ ਬੱਚਿਆਂ ਵਿਚ ਕੁਪੋਸ਼ਣ ਨੂੰ ਘੱਟ ਕਰਨ ਲਈ ਹਫਤੇ ਵਿਚ ਦੋ ਦਿਨ ਆਂਡੇ ਅਤੇ ਕੇਲੇ ਦਿੱਤੇ ਜਾ ਰਹੇ ਸਨ, ਜਿਸ ਨੂੰ ਅਜੀਮ ਪ੍ਰੇਮਜੀ ਫਾਊਂਡੇਸ਼ਨ ਦੇ ਸਹਿਯੋਗ ਨਾਲ 1500 ਕਰੋੜ ਰੁਪਏ ਦੀ ਲਾਗਤ ਨਾਲ ਵਧਾ ਕੇ ਹਫ਼ਤੇ ਵਿਚ 6 ਦਿਨ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ 2025-26 ਵਿਚ ਵੀ ਜਾਰੀ ਰਹੇਗਾ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗਰਮ ਦੁੱਧ ਵਿਚ ਮਿਲਾ ਕੇ ਤਿਆਰ ਕੀਤਾ ਰਾਗੀ ਹੈਲਥ ਪਾਊਡਰ, ਜੋ ਹੁਣ ਤੱਕ ਸਕੂਲੀ ਬੱਚਿਆਂ ਨੂੰ ਹਫ਼ਤੇ 'ਚ ਤਿੰਨ ਦਿਨ ਵੰਡਿਆ ਜਾਂਦਾ ਸੀ, ਹਫ਼ਤੇ 'ਚ 5 ਦਿਨ ਦਿੱਤਾ ਜਾਵੇਗਾ ਅਤੇ ਇਸ ਦੀ ਕੁੱਲ ਲਾਗਤ 100 ਕਰੋੜ ਰੁਪਏ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰਾਜੈਕਟ ਦੀ ਲਾਗਤ ਦਾ 25 ਫੀਸਦੀ ਸੂਬਾ ਸਰਕਾਰ ਵੱਲੋਂ ਖਰਚ ਕੀਤਾ ਜਾਵੇਗਾ, ਜਦਕਿ ਬਾਕੀ ਰਾਸ਼ੀ ਸ੍ਰੀ ਸੱਤਿਆ ਸਾਈਂ ਅੰਨਪੂਰਨਾ ਟਰੱਸਟ ਵੱਲੋਂ ਖਰਚ ਕੀਤੀ ਜਾਵੇਗੀ। ਸਿੱਧਰਮਈਆ ਨੇ ਕਿਹਾ ਕਿ ਮਿਡ-ਡੇ-ਮੀਲ ਸਕੀਮ ਤਹਿਤ ਸੂਬੇ ਦੇ 16,347 ਸਕੂਲਾਂ 'ਚ ਰਸੋਈ ਦੇ ਨਵੇਂ ਭਾਂਡੇ ਮੁਹੱਈਆ ਕਰਵਾਉਣ ਅਤੇ ਰਸੋਈਆਂ ਦੇ ਆਧੁਨਿਕੀਕਰਨ ਲਈ 46 ਕਰੋੜ ਰੁਪਏ ਖਰਚ ਕੀਤੇ ਜਾਣਗੇ।