ਪ੍ਰਦੂਸ਼ਣ ਦੀ ਮਾਰ ਹੇਠ ਚੀਨ ਤੇ ਦੱਖਣ ਏਸ਼ੀਆ, ਦਿੱਲੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ

02/25/2020 6:50:02 PM

ਪੈਰਿਸ(ਏ.ਐੱਫ.ਪੀ.)– ਵਿਸ਼ਵ ਵਿਚ ਸੂਖਮ ਪ੍ਰਦੂਸ਼ਣ ਦੇ ਉੱਚ ਪੱਧਰ ਦਾ ਸਾਹਮਣਾ ਕਰ ਰਹੇ 200 ਸ਼ਹਿਰਾਂ ਵਿਚੋਂ ਲਗਭਗ 90 ਫੀਸਦੀ ਸ਼ਹਿਰ ਚੀਨ ਅਤੇ ਭਾਰਤ ਦੇ ਹਨ। ਬਾਕੀ ਸ਼ਹਿਰ ਪਾਕਿਸਤਾਨ ਅਤੇ ਇੰਡੋਨੇਸ਼ੀਆ ਵਿਚ ਹਨ। ‘ਆਈ. ਕਿਊ. ਏ. ਆਰ ਗਰੁੱਪ’ ਤੇ ‘ਗ੍ਰੀਨ ਪੀਸ’ ਵਲੋਂ ਮੰਗਲਵਾਰ ਨੂੰ ਸਾਂਝੇ ਰੂਪ ਨਾਲ ਜਾਰੀ ਕੀਤੀ ਗਈ 2019 ਵਿਸ਼ਵ ਹਵਾ ਗੁਣਵੱਤਾ ਰਿਪੋਰਟ ਦੇ ਮੁਤਾਬਕ ਆਬਾਦੀ ਦੇ ਲਿਹਾਜ ਨਾਲ ਬੰਗਲਾਦੇਸ਼ ਪੀ. ਐੱਮ. 2.5 ਪ੍ਰਦੂਸ਼ਣ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਉਸ ਤੋਂ ਬਾਅਦ ਪਾਕਿਸਤਾਨ, ਮੰਗੋਲੀਆ, ਅਫਗਾਨਿਸਤਾਨ ਤੇ ਭਾਰਤ ਦਾ ਨੰਬਰ ਆਉਂਦਾ ਹੈ। ਚੀਨ 11ਵੇਂ ਸਥਾਨ ’ਤੇ ਹੈ।

ਹਵਾ ਪ੍ਰਦੂਸ਼ਣ ਵਿਚ 2.5 ਮਾਈਕ੍ਰੋਨ ਜਾਂ ਉਸ ਤੋਂ ਵੀ ਘੱਟ ਵਿਆਸ ਵਾਲੇ ਪ੍ਰਦੂਸ਼ਕ ਤੱਤ (ਮੋਟੇ ਤੌਰ ’ਤੇ ਮਨੁੱਖੀ ਵਾਲ ਦੀ ਮੋਟਾਈ ਦਾ 30ਵਾਂ ਹਿੱਸਾ) ਸਭ ਤੋਂ ਖਤਰਨਾਕ ਮੰਨੇ ਜਾਂਦੇ ਹਨ। ਇਹ ਇੰਨੇ ਛੋਟੇ ਹੁੰਦੇ ਹਨ ਕਿ ਸਾਹ ਰਾਹੀਂ ਖੂਨ ਵਿਚ ਚਲੇ ਜਾਂਦੇ ਹਨ, ਜਿਸ ਨਾਲ ਅਸਥਮਾ, ਫੇਫੜਿਆਂ ਦਾ ਕੈਂਸਰ ਜਾਂ ਦਿਲ ਦੇ ਰੋਗ ਹੋ ਸਕਦੇ ਹਨ। 10 ਲੱਖ ਜਾਂ ਵੱਧ ਆਬਾਦੀ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚ 2019 ਵਿਚ ਪੀ. ਐੱਮ. 2.5 ਦਾ ਜ਼ਹਿਰ ਸਭ ਤੋਂ ਜ਼ਿਆਦਾ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਘੁਲਿਆ ਹੈ। ਸੂਚੀ ਵਿਚ ਇਸ ਤੋਂ ਬਾਅਦ ਪਾਕਿਸਤਾਨ ਦਾ ਲਾਹੌਰ, ਬੰਗਲਾਦੇਸ਼ ਦੀ ਰਾਜਧਾਨੀ ਢਾਕਾ, ਭਾਰਤ ਦਾ ਕੋਲਕਾਤਾ, ਚੀਨ ਦਾ ਲਿਨਯੀ ਅਤੇ ਤਿਆਨਜਿਨ ਸ਼ਹਿਰ ਅਤੇ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਹੈ। ਇਸ ਸੂਚੀ ਵਿਚ ਵੁਹਾਨ, ਚੇਂਗਦੂ ਅਤੇ ਬੀਜਿੰਗ ਦਾ ਵੀ ਨਾਂ ਹੈ।

ਇਹ ਰਿਪੋਰਟ ਦੁਨੀਆ ਭਰ ਦੇ 5000 ਸ਼ਹਿਰਾਂ ਤੋਂ ਮਿਲੇ ਡਾਟਾ ’ਤੇ ਆਧਾਰਿਤ ਹੈ। ਵਿਸ਼ਵ ਸਿਹਤ ਸੰਗਠਨ ਨੇ ਸਮੇਂ ਤੋਂ ਪਹਿਲਾਂ ਹੋਈਆਂ 70 ਲੱਖ ਲੋਕਾਂ ਦੀ ਮੌਤ ਵਿਚ ਜ਼ਿਆਦਾਤਰ ਦਾ ਕਾਰਣ ਹਵਾ ਪ੍ਰਦੂਸ਼ਣ ਦੱਸਿਆ ਹੈ। ਇਹ ਪ੍ਰਦੂਸ਼ਕ ਤੱਤ ਰੇਤ ਦੇ ਤੂਫਾਨ, ਖੇਤੀਬਾੜੀ ਉਦਯੋਗ, ਜੰਗਲ ਦੀ ਅੱਗ, ਖਾਸ ਕਰ ਕੇ ਰਹਿੰਦ-ਖੂੰਹਦ ਨੂੰ ਸਾੜਨ ਤੋਂ ਪੈਦਾ ਹੁੰਦੇ ਹਨ। ਆਈ.ਕਿਊ.ਏ.ਆਰ. ਦੇ ਸੀ.ਈ.ਓ. ਫ੍ਰੈਂਕ ਹਮੇਸ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਸਿਹਤ ਨੂੰ ਵਾਤਾਵਰਣ ਸਬੰਧੀ ਇਕ ਵੱਡਾ ਖਤਰਾ ਹੈ।


Baljit Singh

Content Editor

Related News