ਗੁਜਰਾਤ ਦੰਗਿਆਂ ਬਾਰੇ BBC ਦੀ ਡਾਕੂਮੈਂਟਰੀ ’ਤੇ ਪਾਬੰਦੀ, ਕੇਂਦਰ ਨੇ ਯੂਟਿਊਬ ਤੇ ਟਵਿੱਟਰ ਨੂੰ ਦਿੱਤਾ ਬਲਾਕ ਕਰਨ ਦਾ ਹੁਕਮ
Sunday, Jan 22, 2023 - 02:25 PM (IST)
ਨਵੀਂ ਦਿੱਲੀ– ਕੇਂਦਰ ਨੇ ਬੀ. ਬੀ. ਸੀ. ਦੀ ਡਾਕੂਮੈਂਟਰੀ ‘ਇੰਡੀਆ : ਦਿ ਮੋਦੀ ਕਵੇਸ਼ਚਨ’ ਦਾ ਲਿੰਕ ਸਾਂਝਾ ਕਰਨ ਵਾਲੇ ਕਈ ਯੂਟਿਊਬ ਵੀਡੀਓਜ਼ ਅਤੇ ਟਵਿੱਟਰ ਪੋਸਟ ਨੂੰ ਬਲਾਕ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਅਪੁਰਵ ਚੰਦਰਾ ਨੇ ਆਈ. ਟੀ. ਨਿਯਮ, 2021 ਦੇ ਤਹਿਤ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤੇ।
ਸੂਤਰਾਂ ਨੇ ਕਿਹਾ ਕਿ ਵਿਦੇਸ਼, ਗ੍ਰਹਿ ਮਾਮਲਿਆਂ ਅਤੇ ਸੂਚਨਾ ਅਤੇ ਪ੍ਰਸਾਰਣ ਸਮੇਤ ਕਈ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਡਾਕੂਮੈਂਟਰੀ ਦੀ ਜਾਂਚ ਕੀਤੀ ਅਤੇ ਇਹ ਪਾਇਆ ਕਿ ਇਹ ਸੁਪਰੀਮ ਕੋਰਟ ਦੇ ਅਧਿਕਾਰ ਅਤੇ ਭਰੋਸੇਯੋਗਤਾ ’ਤੇ ਇਤਰਾਜ ਕਰਨ, ਵੱਖ-ਵੱਖ ਭਾਰਤੀ ਭਾਈਚਾਰਿਆਂ ’ਚ ਵੰਡ ਦੇ ਬੀਜ ਬੀਜਣ ਦੀ ਕੋਸ਼ਿਸ਼ ਹੈ।
ਸੂਤਰਾਂ ਨੇ ਕਿਹਾ ਕਿ ਡਾਕੂਮੈਂਟਰੀ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਵਾਲਾ ਪਾਇਆ ਗਿਆ ਹੈ ਅਤੇ ਇਸ ’ਚ ਵਿਦੇਸ਼ੀ ਸਰਕਾਰ ਦੇ ਨਾਲ ਦੋਸਤਾਨਾ ਸਬੰਧਾਂ ਦੇ ਨਾਲ-ਨਾਲ ਦੇਸ਼ ਦੇ ਅੰਦਰ ਜਨਤਕ ਵਿਵਸਥਾ ’ਤੇ ਉਲਟਾ ਅਸਰ ਪਾਉਣ ਦੀ ਸਮਰੱਥਾ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਯੂਟਿਊਬ ਵੀਡੀਓ ਦੇ ਲਿੰਕ ਵਾਲੇ 50 ਤੋਂ ਵੱਧ ਟਵੀਟਸ ਬਲਾਕ ਕਰਨ ਦੇ ਟਵਿੱਟਰ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ। ਸੂਤਰਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ।