ਮੈਡੀਕਲ ਵਿਦਿਆਰਥੀਆਂ ’ਚ ਵੱਧ ਰਹੀਆਂ ਹਨ ਮਾਨਸਿਕ ਬੀਮਾਰੀਆਂ

Tuesday, Aug 20, 2024 - 02:27 PM (IST)

ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ. ਐੱਮ. ਸੀ.) ਦੀ ਇਕ ਟਾਸਕ ਫੋਰਸ ਵੱਲੋਂ ਕੀਤੇ ਗਏ ਆਨਲਾਈਨ ਸਰਵੇਖਣ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੈਡੀਕਲ ਦੇ ਲੱਗਭਗ 28 ਫੀਸਦੀ ਅੰਡਰ ਗ੍ਰੈਜੂਏਟ (ਯੂ. ਜੀ.) ਅਤੇ 15.3 ਫੀਸਦੀ ਪੋਸਟ ਗ੍ਰੈਜੂਏਟ (ਪੀ. ਜੀ.) ਦੇ ਵਿਦਿਆਰਥੀਆਂ ਨੇ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਣ ਦੀ ਗੱਲ ਮੰਨੀ ਹੈ। ਸਰਵੇਖਣ ’ਚ 25,590 ਅੰਡਰ ਗ੍ਰੈਜੂਏਟ ਵਿਦਿਆਰਥੀ, 5,337 ਪੋਸਟ ਗ੍ਰੈਜੂਏਟ ਵਿਦਿਆਰਥੀ ਅਤੇ 7,035 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿਚ ਸਲਾਹ ਦਿੱਤੀ ਗਈ ਹੈ ਕਿ ਰੈਜ਼ੀਡੈਂਟ ਡਾਕਟਰ ਹਫ਼ਤੇ ਵਿਚ 74 ਘੰਟਿਆਂ ਤੋਂ ਵੱਧ ਕੰਮ ਨਾ ਕਰਨ, ਹਫ਼ਤੇ ਵਿਚ ਇਕ ਦਿਨ ਛੁੱਟੀ ਕਰਨ ਅਤੇ ਰੋਜ਼ਾਨਾ 7 ਤੋਂ 8 ਘੰਟੇ ਦੀ ਨੀਂਦ ਲੈਣ।

31 ਫੀਸਦੀ ਵਿਦਿਆਰਥੀਆਂ ਨੂੰ ਆਉਂਦੈ ਖੁਦਕੁਸ਼ੀ ਦਾ ਵਿਚਾਰ

ਮੈਡੀਕਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਲਾਈ ’ਤੇ ਨੈਸ਼ਨਲ ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਪਿਛਲੇ 12 ਮਹੀਨਿਆਂ ਵਿਚ 16.2 ਫੀਸਦੀ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਨੇ ਮਨ ਵਿਚ ਖੁਦ ਨੂੰ ਨੁਕਸਾਨ ਪਹੁੰਚਾਉਣ ਜਾਂ ਖੁਦਕੁਸ਼ੀ ਕਰਨ ਦੇ ਵਿਚਾਰ ਆਉਣ ਦੀ ਗੱਲ ਕਹੀ, ਜਦਕਿ ਐੱਮ. ਡੀ./ਐੱਮ. ਐੱਸ. ਵਿਦਿਆਰਥੀਆਂ ’ਚ ਇਹ ਗਿਣਤੀ 31 ਫੀਸਦੀ ਦਰਜ ਕੀਤੀ ਗਈ। ਟਾਸਕ ਫੋਰਸ ਨੇ ਜੂਨ ਵਿਚ ਇਸ ਸਰਵੇਖਣ ਰਿਪੋਰਟ ਨੂੰ ਅੰਤਿਮ ਰੂਪ ਦਿੱਤਾ ਸੀ।

35 ਫੀਸਦੀ ਵਿਚ ਆਉਂਦੀ ਹੈ ਲਗਾਅ ਦੀ ਭਾਵਨਾ

ਰਿਪੋਰਟ ਮੁਤਾਬਕ ਵਿਦਿਆਰਥੀਆਂ ਵਿਚ ਇਕੱਲੇਪਣ ਜਾਂ ਸਮਾਜਿਕ ਵੱਖਰੇਂਵੇ ਦੀ ਭਾਵਨਾ ਆਮ ਹੈ। 8,962 (35 ਫੀਸਦੀ) ਵਿਦਿਆਰਥੀ ਹਮੇਸ਼ਾ ਜਾਂ ਜ਼ਿਆਦਾਤਰ ਇਸਦਾ ਅਨੁਭਵ ਕਰਦੇ ਹਨ ਅਤੇ 9,995 (39.1 ਫੀਸਦੀ) ਨੇ ਕਈ ਵਾਰ ਇਨ੍ਹਾਂ ਭਾਵਨਾਵਾਂ ਦਾ ਅਨੁਭਵ ਕਰਨ ਦੀ ਗੱਲ ਕਹੀ। ਸਮਾਜਿਕ ਸੰਪਰਕ ਕਈ ਲੋਕਾਂ ਲਈ ਇਕ ਮੁੱਦਾ ਹੈ, ਕਿਉਂਕਿ 8,265 (32.3 ਫੀਸਦੀ) ਨੂੰ ਸਮਾਜਿਕ ਸਬੰਧ ਬਣਾਉਣ ਜਾਂ ਬਣਾਈ ਰੱਖਣ ਵਿਚ ਮੁਸ਼ਕਲ ਆਉਂਦੀ ਹੈ ਅਤੇ 6,089 (23.8 ਫੀਸਦੀ) ਨੂੰ ਇਹ ‘ਕੁਝ ਹੱਦ ਤੱਕ ਮੁਸ਼ਕਲ’ ਲਗਦਾ ਹੈ। ਤਣਾਅ ਵੀ ਇਕ ਵੱਡੀ ਸਮੱਸਿਆ ਹੈ। ਸਰਵੇ ਵਿਚ ਸ਼ਾਮਲ ਲੋਕਾਂ ਵਿਚੋਂ 36.4 ਫੀਸਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਤਣਾਅ ਨਾਲ ਨਜਿੱਠਣ ਲਈ ਗਿਆਨ ਅਤੇ ਹੁਨਰ ਦੀ ਕਮੀ ਮਹਿਸੂਸ ਹੁੰਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News