ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਵਸ ''ਤੇ ਲਾਲ ਕਿਲ੍ਹੇ ''ਤੇ ਹੋਣਗੇ ਵੱਡੇ ਸਮਾਗਮ; PM ਮੋਦੀ ਹੋ ਸਕਦੇ ਹਨ ਸ਼ਾਮਲ
Sunday, Nov 23, 2025 - 02:16 PM (IST)
ਨੈਸ਼ਨਲ ਡੈਸਕ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹੇ 'ਤੇ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ 23 ਨਵੰਬਰ ਤੋਂ 25 ਨਵੰਬਰ 2025 ਤੱਕ ਚੱਲੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਨਵੰਬਰ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਉਨ੍ਹਾਂ ਦੇ ਸ਼ਾਮਲ ਹੋਣ ਦਾ ਸਮਾਂ ਅਜੇ ਤੈਅ ਨਹੀਂ ਹੋਇਆ ਹੈ।
25 ਨਵੰਬਰ ਨੂੰ ਜਨਤਕ ਛੁੱਟੀ
ਇਸ ਮੌਕੇ 'ਤੇ ਦਿੱਲੀ ਸਰਕਾਰ ਨੇ 25 ਨਵੰਬਰ ਨੂੰ ਜਨਤਕ ਛੁੱਟੀ (Public Holiday) ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੀ ਮੁੱਖ ਮੰਤਰੀ, ਰੇਖਾ ਗੁਪਤਾ ਨੇ ਸ਼ਨੀਵਾਰ ਨੂੰ ਇਸ ਛੁੱਟੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਸਿਰਫ਼ ਇੱਕ ਪ੍ਰਤੀਕਾਤਮਕ ਇਸ਼ਾਰਾ ਨਹੀਂ, ਸਗੋਂ ਸ਼ਰਧਾਂਜਲੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਲੋਕਾਂ ਨੂੰ ਗੁਰੂ ਸਾਹਿਬ ਦੀ ਵਿਰਾਸਤ 'ਤੇ ਵਿਚਾਰ ਕਰਨ ਅਤੇ ਇੱਕ ਵਧੇਰੇ ਨਿਆਂਪੂਰਨ ਅਤੇ ਸਮਾਵੇਸ਼ੀ ਸਮਾਜ ਦੀ ਸਿਰਜਣਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਨਾ ਹੈ।
ਪ੍ਰੋਗਰਾਮ ਤੇ ਸੁਰੱਖਿਆ
ਇਸ ਤਿੰਨ ਦਿਨਾਂ ਸਮਾਗਮ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਅਤੇ 'ਕੀਰਤਨ ਦਰਬਾਰ' ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ, ਕੁਝ ਦਿਨ ਪਹਿਲਾਂ ਲਾਲ ਕਿਲ੍ਹੇ ਨੇੜੇ ਹੋਏ ਇੱਕ ਵਿਸਫੋਟ ਦੇ ਕਾਰਨ ਇਸ ਸਮਾਗਮ ਨੂੰ ਲੈ ਕੇ ਦਿੱਲੀ ਪੁਲਿਸ ਹਾਈ ਅਲਰਟ 'ਤੇ ਹੈ ਅਤੇ ਪੂਰੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਤਰ੍ਹਾਂ ਹੋਣਗੇ ਸਮਾਗਮ
23 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਅਨਿੰਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 23 ਨਵੰਬਰ 2025 (ਐਤਵਾਰ) ਲਾਲ ਕਿਲ੍ਹਾ ਮੈਦਾਨ, ਦਿੱਲੀ ਵਿਖੇ ਸ਼ਾਮ 5:45 ਤੋਂ ਰਾਤ ਤਕ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
24 ਨਵੰਬਰ
ਸ਼ਹੀਦੀ ਦਿਹਾੜੇ ਨੂੰ ਸਮਰਪਿਤ 24 ਨਵੰਬਰ 2025 (ਸੋਮਵਾਰ) ਲਾਲ ਕਿਲ੍ਹਾ ਮੈਦਾਨ, ਦਿੱਲੀ ਵਿਖੇ ਸ਼ਾਮ 5:45 ਤੋਂ ਰਾਤ ਤਕ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
25 ਨਵੰਬਰ
25 ਨਵੰਬਰ 2025 , ਮੰਗਲਵਾਰ (ਸਵੇਰੇ) ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ।
