ਮਹਿਬੂਬਾ ਮੁਫ਼ਤੀ ਨੇ ਯਾਸੀਨ ਮਲਿਕ ਦੀ ਪਤਨੀ ਦੇ ਬਹਾਨੇ ਉਗਲਿਆ ਜ਼ਹਿਰ
Monday, Aug 21, 2023 - 05:26 PM (IST)

ਸ਼੍ਰੀਨਗਰ (ਵਾਰਤਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੂੰ ਪਾਕਿਸਤਾਨ ਦੀ ਅੰਤਰਿਮ ਸਰਕਾਰ ਵਿਚ ਮੁਸ਼ਾਲ ਮਲਿਕ ਦੀ ਨਾਮਜ਼ਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਸਾਬਕਾ ਮੁੱਖ ਮੰਤਰੀ ਮੁਫ਼ਤੀ ਨੇ ਕਿਹਾ ਕਿ ਪਾਕਿਸਤਾਨ ਉਨ੍ਹਾਂ ਲੋਕਾਂ ਨੂੰ ਇਨਾਮ ਦੇ ਰਿਹਾ ਹੈ ਜੋ ਸੋਚਦੇ ਹਨ ਕਿ ਉਹ ਜੰਮੂ-ਕਸ਼ਮੀਰ 'ਤੇ ਆਪਣੇ ਵਿਚਾਰਾਂ ਨੂੰ ਅੱਗੇ ਵਧਾ ਰਹੇ ਹਨ ਪਰ ਬਦਕਿਸਮਤੀ ਨਾਲ ਭਾਜਪਾ ਸਰਕਾਰ ਜੰਮੂ-ਕਸ਼ਮੀਰ 'ਚ ਭਾਰਤ ਦਾ ਵਿਰੋਧ ਕਰਨ ਵਾਲਿਆਂ ਨੂੰ ਸਜ਼ਾ ਦੇ ਰਹੀ ਹੈ ਅਤੇ ਇਸ ਵਿਚਾਰ ਦਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ,''ਮੈਂ ਮੁਸ਼ਾਲ ਮਲਿਕ ਦੀ ਵਕੀਲ ਨਹੀਂ ਹਾਂ ਪਰ ਉਸ ਦੇ ਪਤੀ ਦੇ ਉਲਟ ਕੋਈ ਅੱਤਵਾਦੀ ਜਾਂ ਆਤੰਕ ਦਾ ਦੋਸ਼ ਵੀ ਨਹੀਂ ਹੈ, ਜਦੋਂ ਕਿ ਭਾਜਪਾ 'ਚ ਸਾਡੇ ਕੋਲ ਸਾਧਵੀ ਪ੍ਰਗਿਆ ਠਾਕੁਰ ਵਰਗੇ ਅੱਤਵਾਦ ਦੇ ਦੋਸ਼ੀ ਲੋਕ ਹਨ, ਜੋ ਖੁੱਲ੍ਹੇਆਮ ਮੁਸਲਮਾਨਾਂ ਦੇ ਕਤਲ ਦੀ ਅਪੀਲ ਕਰਦੇ ਹਨ ਅਤੇ ਭਾਜਪਾ ਅਜਿਹੇ ਲੋਕਾਂ ਨੂੰ ਇਨਾਮ ਦੇ ਰਹੀ ਹੈ।''
ਇਹ ਵੀ ਪੜ੍ਹੋ : ਸੁਪਰੀਮ ਕੋਰਟ ਵੱਲੋਂ ਰੇਪ ਪੀੜਤਾ ਨੂੰ ਗਰਭਪਾਤ ਦੀ ਮਨਜ਼ੂਰੀ, ਸੂਬਾ ਸਰਕਾਰ ਨੂੰ ਦਿੱਤੇ ਇਹ ਆਦੇਸ਼
ਉਨ੍ਹਾਂ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਭਾਜਪਾ ਅਤੇ ਆਰ.ਐੱਸ਼.ਐੱਸ. ਨੂੰ ਮੁਸ਼ਾਲ ਦੇ ਮਾਮਲੇ ਤੋਂ ਇਹ ਸਿੱਖਣਾ ਚਾਹੀਦਾ। ਜੋ ਸੋਚਦੇ ਹਨ ਕਿ ਉਹ ਜੰਮੂ ਕਸ਼ਮੀਰ 'ਤੇ ਆਪਣੇ ਵਿਚਾਰਾਂ ਨੂੰ ਅੱਗੇ ਵਧਾ ਰਹੇ ਹਨ ਪਰ ਬਦਕਿਸਮਤੀ ਨਾਲ ਸਾਡੀ ਸਰਕਾਰ ਜੋ ਕਰਦੀ ਹੈ, ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦਿੰਦੀ ਹੈ, ਜੋ ਭਾਰਤ ਨਾਲ ਖੜ੍ਹੇ ਹਨ। ਸ਼ੇਖ ਮੁਹੰਮਦ ਅਬਦੁੱਲਾ ਸਾਹਿਬ ਇਕ ਉਦਾਹਰਣ ਹੈ, ਜਿਨ੍ਹਾਂ ਨੂੰ ਭਾਜਪਾ ਇਤਿਹਾਸ ਤੋਂ ਮਿਟਾਉਣਾ ਚਾਹੁੰਦੀ ਹੈ। ਮੁਫ਼ਤੀ (ਮੁਹੰਮਦ ਸਈਅਦ) ਸਾਹਿਬ ਬਾਰੇ ਇਸ ਤੋਂ ਘੱਟ ਕੁਝ ਨਹੀਂ ਕਿਹਾ ਜਾ ਸਕਦਾ ਹੈ, ਜੋ ਭਾਰਤ ਦੇ ਵਿਚਾਰ ਨੂੰ ਇੰਨਾ ਪ੍ਰਿਯ ਮੰਨਦੇ ਸਨ।'' ਪਾਕਿਸਤਾਨ ਸਰਕਾਰ ਨੇ ਹਾਲ ਹੀ 'ਚ ਜੇਲ੍ਹ 'ਚ ਬੰਦ ਕਸ਼ਮੀਰੀ ਵੱਖਵਾਦੀ ਯਾਸੀਨ ਮਲਿਕ ਦੀ ਪਤਨੀ ਮੁਸ਼ਾਲ ਮਲਿਕ ਨੂੰ ਆਪਣੇ ਨਵੇਂ ਨਿਯੁਕਤ ਕਾਰਜਵਾਹਕ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਦਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕੀਤਾ ਹੈ। ਮੁਫ਼ਤੀ ਨੇ ਭਾਰਤੀ ਮੁਸਲਮਾਨਾਂ 'ਤੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਦੇ ਹਾਲੀਆ ਬਿਆਨ ਨੂੰ ਬੇਹੱਦ ਅਫ਼ਸੋਸਜਨਕ ਦੱਸਿਆ ਅਤੇ ਕਿਹਾ ਕਿ ਇਹ ਦੇਸ਼ ਦੇ ਮੁਸਲਮਾਨਾਂ ਖ਼ਿਲਾਫ਼ ਆਰ.ਐੱਸ.ਐੱਸ. ਭਾਜਪਾ ਦੀ ਵਿਚਾਰਧਾਰਾ ਨੂੰ ਦਰਸਾਉਂਦਾ ਹੈ। ਆਜ਼ਾਦ ਨੇ ਕਿਹਾ ਸੀ ਕਿ ਭਾਰਤ ਵਿਚ ਸਾਰੇ ਮੁਸਲਮਾਨ ਮੂਲ ਰੂਪ ਵਿਚ ਹਿੰਦੂ ਹਨ, ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ। ਮੁਫ਼ਤੀ ਨੇ ਕਿਹਾ ਕਿ ਆਜ਼ਾਦ ਦੀਆਂ ਟਿੱਪਣੀਆਂ 'ਖਤਰਨਾਕ ਅਤੇ ਵੰਡਣ ਵਾਲੀਆਂ' ਸਨ ਅਤੇ ਉਹ ਆਰ.ਐੱਸ.ਐੱਸ., ਭਾਜਪਾ ਅਤੇ ਜਨਸੰਘ ਦੀ ਭਾਸ਼ਾ ਨਾਲ ਮਿਲਦੀਆਂ ਜੁਲਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8