ਗੈਂਗਸਟਰ ਐਕਟ ''ਚ ਲੋੜੀਂਦੇ ਮੀਟ ਕਾਰੋਬਾਰੀ ਯਾਕੂਬ ਕੁਰੈਸ਼ੀ ਅਤੇ ਉਸ ਦਾ ਬੇਟਾ ਗ੍ਰਿਫ਼ਤਾਰ
Saturday, Jan 07, 2023 - 01:28 PM (IST)
ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਨੇ 25 ਹਜ਼ਾਰ ਦੇ ਇਨਾਮੀ ਮੀਟ ਕਾਰੋਬਾਰੀ ਯਾਕੂਬ ਕੁਰੈਸ਼ੀ ਅਤੇ ਉਸ ਦੇ ਬੇਟੇ ਇਮਰਾਨ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਸੁਪਰਡੈਂਟ ਅਮਿਤ ਕੁਮਾਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯਾਕੂਬ ਅਤੇ ਇਮਰਾਨ ਨੂੰ ਦਿੱਲੀ ਦੇ ਚਾਂਦਨੀ ਮਹਿਲ ਥਾਣਾ ਖੇਤਰ ਦੇ ਇਕ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਮਾਰ ਅਨੁਸਾਰ, 31 ਮਾਰਚ 2022 ਨੂੰ ਮੇਰਠ ਦੇ ਖਰਖੌਦਾ ਥਾਣੇ 'ਚ ਦਰਜ ਮਾਮਲੇ ਅਨੁਸਾਰ ਅਲ ਫਹੀਮ ਮੀਟੈਕਸ ਪ੍ਰਾਈਵੇਟ ਲਿਮਟਿਡ 'ਚ ਮਾਸ ਦੀ ਪੈਕਿੰਗ ਅਤੇ ਪ੍ਰੋਸੈਸਿੰਗ ਦਾ ਗੈਰ-ਕਾਨੂੰਨੀ ਕਾਰੋਬਾਰ ਕੀਤਾ ਜਾ ਰਿਹਾ ਸੀ, ਜਿਸ ਲਈ ਦੋਸ਼ੀਆਂ ਕੋਲ ਕੋਈ ਲਾਇਸੈਂਸ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ 'ਚ ਦੋਸ਼ੀ ਯਾਕੂਬ ਅਤੇ ਉਸ ਦਾ ਬੇਟਾ ਇਮਰਾਨ ਕਈ ਦਿਨਾਂ ਤੋਂ ਫਰਾਰ ਸਨ। ਉਪਰੋਕਤ ਮਾਮਲੇ ਦੇ ਆਧਾਰ 'ਤੇ ਗੈਂਗਸਟਰ ਐਕਟ ਦੇ ਅਧੀਨ ਉਨ੍ਹਾਂ ਖ਼ਿਲਾਫ਼ ਖਰਖੋਦਾ ਥਾਣੇ 'ਚ 11 ਨਵੰਬਰ 2022 ਨੂੰ ਮੁਕੱਦਮਾ ਦਰਜ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਸ ਮਾਮਲੇ 'ਚ ਯਾਕੂਬ ਦੇ ਬੇਟੇ ਫਿਰੋਜ਼ ਨੇ ਇਕ ਮਹੀਨੇ ਪਹਿਲਾਂ ਹੀ ਅਦਾਲਤ 'ਚ ਆਤਮਸਮਰਪਣ ਕਰ ਦਿੱਤਾ ਸੀ, ਜਦੋਂ ਕਿ ਉਸ ਦੀ ਪਤਨੀ ਸੰਜੀਦਾ ਬੇਗਮ ਪੇਸ਼ਗੀ ਜ਼ਮਾਨਤ 'ਤੇ ਬਾਹਰ ਹੈ। ਯਾਕੂਬ ਕੁਰੈਸ਼ੀ ਪਹਿਲਾਂ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਰਕਾਰ 'ਚ ਮੰਤਰੀ ਰਹਿ ਚੁੱਕਿਆ ਹੈ।