MCD: ਫਿਰ ਟਲੀ ਮੇਅਰ ਦੀ ਚੋਣ, ਹੰਗਾਮੇ ਦੀ ਵਜ੍ਹਾ ਨਾਲ ਤੀਜੀ ਵਾਰ ਸਦਨ ਦੀ ਕਾਰਵਾਈ ਮੁਲਤਵੀ
Monday, Feb 06, 2023 - 01:57 PM (IST)
ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਲਈ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਲਗਾਤਾਰ ਤੀਜੀ ਵਾਰ ਮੁਲਤਵੀ ਕਰ ਦਿੱਤੀ ਗਈ। ਦਿੱਲੀ ਨਗਰ ਨਿਗਮ 'ਚ ਸੋਮਵਾਰ ਨੂੰ ਹੋਏ ਹੰਗਾਮੇ ਕਾਰਨ ਮੇਅਰ ਦੀ ਚੋਣ ਮੁਲਤਵੀ ਕਰਨੀ ਪਈ। ਫਿਲਹਾਲ ਸਦਨ ਦੀ ਕਾਰਵਾਈ ਅਗਲੀ ਤਾਰੀਖ਼ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸ਼ਹੀਦ ਮੇਜਰ ਦੀ ਧੀ 'ਇਨਾਇਤ' ਫ਼ੌਜ 'ਚ ਭਰਤੀ ਲਈ ਤਿਆਰ, ਛੋਟੀ ਉਮਰ 'ਚ ਸਿਰ ਤੋਂ ਉਠ ਗਿਆ ਸੀ ਪਿਤਾ ਦਾ ਸਾਇਆ
ਸਦਨ ਦੀ ਬੈਠਕ ਸ਼ੁਰੂ ਹੁੰਦੇ ਹੀ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਮੈਂਬਰਾਂ ਦੀ ਚੋਣ ਨਾਲੋ-ਨਾਲ ਹੋਵੇਗੀ ਅਤੇ ਨਾਮਜ਼ਦ ਮੈਂਬਰ ਵੀ ਵੋਟਿੰਗ 'ਚ ਹਿੱਸਾ ਲੈਣਗੇ। ਇਹ ਐਲਾਨ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਭਾਜਪਾ ਤੇ ‘ਆਪ’ ਮੈਂਬਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ 'ਤੇ ਵੀ ਹੰਗਾਮਾ ਸ਼ੁਰੂ ਹੋ ਗਿਆ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਤੁਰਕੀ ਦੇ ਲੋਕਾਂ ਨਾਲ ਖੜ੍ਹਾ ਹੈ ਭਾਰਤ, ਤ੍ਰਾਸਦੀ ਨਾਲ ਨਜਿੱਠਣ ਲਈ ਮਦਦ ਲਈ ਤਿਆਰ : PM ਮੋਦੀ
ਜ਼ਿਕਰਯੋਗ ਹੈ ਕਿ ਨਿਗਮ ਦੇ 250 ਵਾਰਡਾਂ 'ਚ ਹੋਈਆਂ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਦਿੱਲੀ ਨਗਰ ਨਿਗਮ 'ਚ 15 ਸਾਲਾਂ ਤੋਂ ਸੱਤਾ 'ਤੇ ਕਾਬਜ਼ ਭਾਜਪਾ ਨੂੰ ਹਰਾ ਕੇ 134 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ, ਜਦਕਿ ਭਾਜਪਾ ਨੇ 104 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ। ਇਸ ਵਾਰ ਕਾਂਗਰਸ ਦੇ 9 ਕੌਂਸਲਰ ਜਿੱਤੇ ਹਨ ਜਦਕਿ 3 ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਨ। ਇਸ ਤੋਂ ਪਹਿਲਾਂ 6 ਜਨਵਰੀ ਨੂੰ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਤੋਂ ਪਹਿਲਾਂ ਨਿਗਮ ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਕਾਫੀ ਹੰਗਾਮਾ ਹੋਇਆ ਸੀ, ਜਿਸ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ। ਸਦਨ ਦੀ ਦੂਜੀ ਵਾਰ ਮੀਟਿੰਗ 24 ਜਨਵਰੀ ਨੂੰ ਹੋਈ ਸੀ, ਜਿਸ ਵਿਚ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ ਸੀ ਪਰ ਮੇਅਰ ਦੀ ਚੋਣ ਹੰਗਾਮੇ ਕਾਰਨ ਲਟਕ ਗਈ ਸੀ।