ਯੂਕ੍ਰੇਨ ਤੋਂ ਪਰਤੇ ਕਈ MBBS ਵਿਦਿਆਰਥੀ ਹੁਣ ਦੂਜੇ ਦੇਸ਼ਾਂ ’ਚ ਮੁੜ ਲੈਣ ਲੱਗੇ ਦਾਖ਼ਲੇ
Tuesday, Feb 21, 2023 - 10:38 AM (IST)
ਜਲੰਧਰ/ਨਵੀਂ ਦਿੱਲੀ- ਬੀਤੇ ਸਾਲ ਯੂਕ੍ਰੇਨ ਤੋਂ ਪਰਤੇ ਕਈ ਐੱਮ.ਬੀ.ਬੀ.ਐੱਸ. ਵਿਦਿਆਰਥੀ ਹੁਣ ਦੂਜੇ ਦੇਸ਼ਾਂ ਵਿਚ ਆਪਣਾ ਭਵਿੱਖ ਭਾਲ ਰਹੇ ਹਨ। ਪੇਰੇਂਟਸ ਐਸੋਸੀਏਸ਼ਨ ਆਫ਼ ਯੂਕ੍ਰੇਨ ਐੱਮ ਬੀ.ਬੀ.ਐੱਸ. ਵਿਦਿਆਰਥੀ (ਪੀ.ਏ.ਯੂ.ਐੱਮ.ਐੱਸ.) ਦਾ ਅਨੁਮਾਨ ਹੈ ਕਿ ਪਿਛਲੇ ਸਾਲ ਭਾਰਤ ਪਰਤੇ 18,000 ਮੈਡੀਕਲ ਵਿਦਿਆਰਥੀਆਂ ਵਿਚੋਂ 5,000 ਤੋਂ 7,000 ਜਾਂ ਤਾਂ ਜਾਰਜੀਆ, ਰੂਸ, ਸਰਬੀਆ, ਉਜ਼ਬੇਕਿਸਤਾਨ, ਰੂਸ, ਸਰਬੀਆ, ਕਿਰਗਿਸਤਾਨ, ਕਜਾਕਿਸਤਾਨ ਅਤੇ ਮੋਲਦੋਵਾ ਦੀਆਂ ਯੂਨੀਵਰਿਸਟੀਆਂ ਵਿਚ ਟਰਾਂਸਫਰ ਹੋ ਗਏ ਹਨ ਜਾਂ ਫਿਰ ਟਰਾਂਸਫਰ ਹੋਣ ਦੀ ਪ੍ਰਕਿਰਿਆ ਵਿਚ ਹਨ।
ਇਹ ਵੀ ਪੜ੍ਹੋ : ਪਿਓ ਨੂੰ ਮੌਤ ਦੇ ਮੂੰਹ 'ਚੋਂ ਕੱਢ ਲਿਆਈ 17 ਸਾਲਾ ਧੀ, ਕਾਰਨਾਮਾ ਜਾਣ ਤੁਸੀਂ ਵੀ ਕਰੋਗੇ ਸਲਾਮ
60-70 ਫੀਸਦੀ ਕਰ ਰਹੇ ਹਨ ਆਨਲਾਈਨ ਪੜ੍ਹਾਈ
ਇਕ ਮੀਡੀਆ ਰਿਪੋਰਟ ਵਿਚ ਚੇਨਈ ਸਥਿਤ ਮੈਡੀਕਲ ਐਜੁਕੇਸ਼ਨ ਕੰਸਲਟਿੰਗ ਫਰਮ ਮੈਡੀਸੀਟਸ ਐਬ੍ਰਾਡ ਦੇ ਨਿਰਦੇਸ਼ਕ ਐੱਮ. ਕਾਲੀਦਾਸ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਨ੍ਹਾਂ ਵਿਚੋਂ 60-70 ਫੀਸਦੀ ਆਨਲਾਈਨ ਪੜ੍ਹਾਈ ਜਾਰੀ ਰੱਖੇ ਹੋਏ ਹਨ ਅਤੇ ਇਨ੍ਹਾਂ ਵਿਦਿਆਰਥੀਆਂ ਵਿਚੋਂ ਖਾਸ ਤੌਰ ’ਤੇ ਚੌਥੇ ਸਾਲ ਬਾਅਦ ਵਿਵਹਾਰਿਕ ਜਮਾਤਾਂ ਦੀ ਸਖ਼ਤ ਲੋੜ ਹੋਵੇਗੀ। ਜਦਕਿ ਯੂਕ੍ਰੇਨ ਦੇ ਪੂਰਬੀ ਹਿੱਸੇ ਵਿਚ ਕੁਝ ਯੂਨੀਵਰਸਿਟੀਆਂ ਜੰਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਇਸ ਲਈ ਵਿਦਿਆਰਥੀਆਂ ਦੇ ਕੋਲ ਵਾਪਸ ਜਾਣ ਦਾ ਕੋਈ ਮੌਕਾ ਵੀ ਨਹੀਂ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਨੂੰ ਯੂਕ੍ਰੇਨ ਦੇ ਪੱਛਮੀ ਹਿੱਸੇ ਵਿਚ ਚਲਦੇ ਕਾਲਜਾਂ ਵਿਚ ਟਰਾਂਸਫਰ ਕਰ ਦਿੱਤਾ ਹੈ। ਕਾਲੀਦਾਸ ਦੱਸਦੇ ਹਨ ਕਿ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਇਵਾਨੋ-ਫ੍ਰੈਂਕਿਵਸਕ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਟਰਾਂਸਫਰ ਕੀਤਾ ਹੈ।
ਇਹ ਵੀ ਪੜ੍ਹੋ : NIA ਨੇ ਲਾਰੈਂਸ, ਬਵਾਨਾ ਅਤੇ ਹੋਰ ਗੈਂਗਸਟਰਾਂ ਨਾਲ ਜੁੜੇ 70 ਟਿਕਾਣਿਆਂ 'ਤੇ ਮਾਰੇ ਛਾਪੇ
ਕੁਝ ਪੋਲੈਂਡ ਤੋਂ ਹੋ ਕੇ ਜਾ ਰਹੇ ਯੂਕ੍ਰੇਨ
ਇਕ ਰਿਪੋਰਟ ਮੁਤਾਬਕ ਯੂਕ੍ਰੇਨ ਦੇ ਪੂਰਬੀ ਹਿੱਸੇ ਖਾਸ ਕਰ ਕੇ ਖਾਰਕੀਵ ਅਤੇ ਕੀਵ ਵਰਗੀਆਂ ਥਾਵਾਂ ’ਤੇ 7-8 ਯੂਨੀਵਰਸਿਟੀਆਂ ਰੂਸ ਦੇ ਸੰਘਰਸ਼ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈਆਂ ਹਨ। ਯੂਕ੍ਰੇਨ ਵਿਚ 18 ਤੋਂ 20 ਮੈਡੀਕਲ ਯੂਨੀਵਰਸਿਟੀਆਂ ਜਾਂ ਕਾਲਜ ਹਨ ਜਿਨ੍ਹਾਂ ਵਿਚ ਹਰ ਸਾਲ ਭਾਰਤ ਤੋਂ ਲਗਭਗ 3,000 ਵਿਦਿਆਰਥੀ ਦਾਖਲਾ ਲੈਂਦੇ ਹਨ। ਹਾਲ ਦੇ ਦਿਨਾਂ ਵਿਚ ਭਾਰਤ ਦੇ ਵਿਦਿਆਰਥੀਆਂ ਦੇ ਛੋਟੇ ਗਰੁੱਪਾਂ ਨੇ ਵੀ ਪੋਲੈਂਡ ਰਾਹੀਂ ਲਵਿਵਿ ਨੈਸ਼ਨਲ ਮੈਡੀਕਲ ਯੂਨੀਵਰਸਿਟੀ, ਬੁਕੋਵਿਨੀ ਸਟੇਟ ਮੈਡੀਕਲ ਯੂਨੀਵਰਸਿਟੀ, ਟੇਰਨੋਪਿਲ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਅਤੇ ਉਜਹੋਰੋਡ ਨੈਸ਼ਨਲ ਯੂਨੀਵਰਸਿਟੀ ਵਰਗੇ ਸੰਸਥਾਨਾਂ ਦੀ ਯਾਤਰਾ ਕੀਤੀ ਹੈ। ਯੂਕ੍ਰੇਨ ਦੇ ਪੱਛਮੀ ਹਿੱਸੇ ਦੀਆਂ ਕੁਝ ਯੂਨੀਵਰਸਿਟੀਆਂ ਨੇ ਹਾਲ ਦੇ ਹਫ਼ਤਿਆਂ ਵਿਚ ਪੜਾਅਬੱਧ ਤਰੀਕੇ ਨਾਲ ਆਫਲਾਈਨ ਜਮਾਤਾਂ ਸ਼ੁਰੂ ਕਰ ਦਿੱਤੀਆਂ ਹਨ। ਏ.ਯੂ.ਐੱਮ.ਐੱਸ. ਦੇ ਪ੍ਰਧਾਨ ਆਰ.ਬੀ. ਗੁਪਤਾ ਕਹਿੰਦੇ ਹਨ ਕਿ ਜੋ ਲੋਕ ਯਾਤਰਾ ਕਰਨ ਵਿਚ ਸਮਰੱਥ ਹਨ, ਉਹ ਪੋਲੈਂਡ ਰਾਹੀਂ ਯੂਕ੍ਰੇਨ ਵਿਚ ਦਾਖਲ ਹੋ ਰਹੇ ਹਨ ਪਰ ਆਫ਼ਲਾਈਨ ਜਮਾਤਾਂ ਦੇ ਫਿਰ ਤੋਂ ਸ਼ੁਰੂ ਹੋਣ ਦੀ ਬੇਯਕੀਨੀ ਕਾਰਨ ਬਹੁਤ ਸਾਰੇ ਵਿਦਿਆਰਥੀ ਇਸ ਯਾਤਰਾ ਦੇ ਜੋਖ਼ਮ ਨੂੰ ਲੈਣ ਲਈ ਤਿਆਰ ਨਹੀਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ