ਵਿਸ਼ੇਸ਼ ਮੌਕਿਆਂ ’ਤੇ ਵੱਖ-ਵੱਖ ਯਾਦਗਾਰਾਂ ’ਤੇ ਨਹੀਂ ਜਾਏਗੀ ਮਾਇਆਵਤੀ
Thursday, Dec 04, 2025 - 09:23 AM (IST)
ਲਖਨਊ (ਭਾਸ਼ਾ) : ਬਸਪਾ ਮੁਖੀ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਕਿਹਾ ਹੈ ਕਿ ਉਹ ਹੁਣ ਸਮਾਜ ਸੁਧਾਰਕਾਂ ਦੇ ਜਨਮ ਦਿਨ ਜਾਂ ਬਰਸੀ ’ਤੇ ਲਖਨਊ ਤੇ ਨੋਇਡਾ ’ਚ ਪ੍ਰਮੁੱਖ ਯਾਦਗਾਰਾਂ ’ਤੇ ਨਹੀਂ ਜਾਵੇਗੀ। ਉਨ੍ਹਾਂ ‘ਐਕਸ’ ’ਤੇ ਪੋਸਟ ਕੀਤਾ ਕਿ ਉਨ੍ਹਾਂ ਦੇ ਦੌਰਿਆਂ ਦੌਰਾਨ ਵਿਆਪਕ ਸੁਰੱਖਿਆ ਪ੍ਰਬੰਧ ਲੋਕਾਂ ਲਈ ਕਾਫ਼ੀ ਮੁਸ਼ਕਲ ਦਾ ਕਾਰਨ ਬਣਦੇ ਹਨ। ਮਾਇਆਵਤੀ ਨੇ ਬਸਪਾ ਸਰਕਾਰ ਦੇ 4 ਕਾਰਜਕਾਲਾਂ ਦੌਰਾਨ ਜੋਤੀਬਾ ਫੂਲੇ, ਸ਼ਾਹੂਜੀ ਮਹਾਰਾਜ, ਨਾਰਾਇਣ ਗੁਰੂ, ਡਾ. ਬੀ.ਆਰ. ਅੰਬੇਡਕਰ ਅਤੇ ਕਾਂਸ਼ੀ ਰਾਮ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਮਾਨ ’ਚ ਸ਼ਾਨਦਾਰ ਯਾਦਗਾਰਾਂ ਤੇ ਪਾਰਕਾਂ ਨੂੰ ਬਣਾਇਆ ਸੀ ਜੋ ਹੁਣ ਹਮਾਇਤੀਆਂ ਲਈ ਤੀਰਥ ਸਥਾਨ ਬਣ ਗਈਆਂ ਹਨ।
ਇਹ ਵੀ ਪੜ੍ਹੋ : 330 ਫਲਾਈਟਾਂ ਰੱਦ ਹੋਣ ਮਗਰੋਂ ਹਵਾਈ ਯਾਤਰੀ ਬੇਹਾਲ, ਇੰਡੀਗੋ ਦੀ ਕਾਰਵਾਈ ਨੇ ਵਧਾਈਆਂ ਮੁਸ਼ਕਲਾਂ
ਉਨ੍ਹਾਂ ਕਿਹਾ ਕਿ ਇਨ੍ਹਾਂ ਅਹਿਮ ਮੌਕਿਆਂ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੁੰਦੇ ਹਨ ਪਰ ਉਨ੍ਹਾਂ ਦੀਆਂ ਯਾਤਰਾਵਾਂ ਦੌਰਾਨ ਸੁਰੱਖਿਆ ਕਾਰਨ ਲੋਕਾਂ ਨੂੰ ਮੁੱਖ ਥਾਂ ਤੋਂ ਦੂਰ ਰੱਖਣਾ ਪੈਂਦਾ ਹੈ। ਹੁਣ ਉਹ ਇਨ੍ਹਾਂ ਮਹਾਨ ਵਿਅਕਤੀਆਂ ਨੂੰ ਆਪਣੇ ਨਿਵਾਸ ਜਾਂ ਪਾਰਟੀ ਦਫਤਰ ’ਚ ਸ਼ਰਧਾਂਜਲੀ ਦੇਵੇਗੀ। 6 ਦਸੰਬਰ ਨੂੰ ਡਾ. ਅੰਬੇਡਕਰ ਦੀ ਬਰਸੀ ’ਤੇ ਬਸਪਾ ਵਰਕਰ ਤੇ ਹਮਾਇਤੀ ਲਖਨਊ ਦੇ ‘ਸਮਾਜਿਕ ਪਰਿਵਰਤਨ ਸਥਲ’ ਤੇ ਨੋਇਡਾ ਦੇ ਰਾਸ਼ਟਰੀ ਦਲਿਤ ਪ੍ਰੇਰਨਾ ਸਥਲ ਵਿਖੇ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ’ਚ ਇਕੱਠੇ ਹੋਣਗੇ। ਮਾਇਆਵਤੀ ਨੇ ਕਿਹਾ ਕਿ ਇਸ ਮੌਕੇ ’ਤੇ ਹਮਾਇਤੀ ਸਮਾਜਿਕ ਬਰਾਬਰੀ ਤੇ ਸਵੈਮਾਣ ਦੇ ਮਿਸ਼ਨ ਨੂੰ ਅੱਗੇ ਵਧਾਉਣ ਦਾ ਪ੍ਰਣ ਵੀ ਲੈਣਗੇ।
