ਮਾਇਆਵਤੀ ਨੇ ਬਾਗ਼ੀ ਵਿਧਾਇਕਾਂ ਨੂੰ ਪਾਰਟੀ ''ਚੋਂ ਕੱਢਿਆ, ਕਿਹਾ- ਸਪਾ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਬਸਪਾ

Thursday, Oct 29, 2020 - 05:09 PM (IST)

ਮਾਇਆਵਤੀ ਨੇ ਬਾਗ਼ੀ ਵਿਧਾਇਕਾਂ ਨੂੰ ਪਾਰਟੀ ''ਚੋਂ ਕੱਢਿਆ, ਕਿਹਾ- ਸਪਾ ਨੂੰ ਹਰਾਉਣ ਲਈ ਕੋਈ ਕਸਰ ਨਹੀਂ ਛੱਡੇਗੀ ਬਸਪਾ

ਨਵੀਂ ਦਿੱਲੀ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਆਪਣੀ ਪਾਰਟੀ ਦੇ 7 ਬਾਗ਼ੀ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿਧਾਇਕਾਂ ਨੇ ਰਾਜ ਸਭਾ ਚੋਣ ਲਈ ਪਾਰਟੀ ਉਮੀਦਵਾਰ ਰਾਮਜੀ ਗੌਤਮ ਦੀ ਨਾਮਜ਼ਦਗੀ ਦਾ ਵਿਰੋਧ ਕੀਤਾ ਸੀ। ਮਾਇਆਵਤੀ ਨੇ ਆਪਣੇ ਕੁਝ ਵਿਧਾਇਕਾਂ ਦੇ ਪਾਲਾ ਬਦਲਣ ਦੀਆਂ ਅਟਕਲਾਂ ਦਰਮਿਆਨ ਸਮਾਜਵਾਦੀ ਪਾਰਟੀ (ਸਪਾ) 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਵਿੱਖ 'ਚ ਵਿਧਾਨ ਪ੍ਰੀਸ਼ਦ ਅਤੇ ਰਾਜ ਸਭਾ ਚੋਣ 'ਚ ਸਪਾ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਉਨ੍ਹਾਂ ਦੀ ਪਾਰਟੀ ਕੋਈ ਕਸਰ ਨਹੀਂ ਛੱਡੇਗੀ ਅਤੇ ਜ਼ਰੂਰਤ ਪਈ ਤਾਂ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਵੇਗੀ।

ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੀਆਂ ਟੁੱਟੀਆਂ ਆਸਾਂ, ਮਸ਼ਹੂਰ ਹੋਣ ਲਈ ਬਣਿਆ ਸੈਲਫੀ ਪੁਆਇੰਟ

ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜਿਵੇਂ ਹੀ ਬਾਗ਼ੀ ਵਿਧਾਇਕ ਕਿਸੇ ਵੀ ਹੋਰ ਪਾਰਟੀ 'ਚ ਸ਼ਾਮਲ ਹੁੰਦੇ ਹਨ ਤਾਂ ਬਸਪਾ ਉਨ੍ਹਾਂ ਵਿਰੁੱਧ ਦਲ-ਬਦਲ ਵਿਰੋਧੀ ਕਾਨੂੰਨ ਅਧੀਨ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸੰਗਠਨ ਨੂੰ ਸੂਚਿਤ ਕੀਤਾ ਗਿਆ ਹੈ ਕਿ ਮੁਅੱਤਲ ਵਿਧਾਇਕਾਂ ਨੂੰ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ 'ਚ ਸੱਦਾ ਨਹੀਂ ਦਿੱਤਾ ਜਾਣਾ ਚਾਹੀਦਾ। ਮਾਇਆਵਤੀ ਨੇ ਇਕ ਬਿਆਨ 'ਚ ਕਿਹਾ ਕਿ ਭਵਿੱਖ 'ਚ ਸਪਾ ਉਮੀਦਵਾਰਾਂ ਨੂੰ ਹਰਾਉਣ ਲਈ ਬਸਪਾ ਪੂਰੀ ਤਾਕਤ ਲਗਾਏਗੀ ਅਤੇ ਜ਼ਰੂਰਤ ਪਈ ਤਾਂ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਵੇਗੀ। ਬਸਪਾ ਨੂੰ ਬੁੱਧਵਾਰ ਨੂੰ ਉਸ ਸਮੇਂ ਝਟਕਾ ਲੱਗਾ ਸੀ, ਜਦੋਂ ਪਾਰਟੀ ਦੇ 6 ਵਿਧਾਇਕਾਂ ਨੇ ਸਪਾ ਮੁਖੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਸੰਕੇਤ ਦਿੱਤੇ ਸਨ ਕਿ ਉਹ ਪਾਰਟੀ ਬਦਲ ਸਕਦੇ ਹਨ। ਇਸ ਦੇ ਨਾਲ ਹੀ ਇਨ੍ਹਾਂ 'ਚੋਂ 4 ਵਿਧਾਇਕਾਂ ਨੇ ਹਲਫਨਾਮਾ ਦਾਇਰ ਕਰ ਕੇ ਕਿਹਾ ਕਿ ਬਸਪਾ ਦੇ ਰਾਜ ਸਭਾ ਉਮੀਦਵਾਰ ਰਾਮਜੀ ਗੌਤਮ ਦੀ ਉਮੀਦਵਾਰੀ ਦੀ ਪ੍ਰਸਤਾਵਕ ਦੇ ਤੌਰ 'ਤੇ ਉਨ੍ਹਾਂ ਦੇ ਦਸਤਖ਼ਤ 'ਫਰਜ਼ੀ' ਹਨ।

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ


author

DIsha

Content Editor

Related News