ਮਾਇਆਵਤੀ ਮੁੜ ਚੁਣੀ ਗਈ ਬਸਪਾ ਦੀ ਰਾਸ਼ਟਰੀ ਪ੍ਰਧਾਨ
Tuesday, Aug 27, 2024 - 02:50 PM (IST)
ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਮੰਗਲਵਾਰ ਨੂੰ ਇਕ ਵਾਰ ਫਿਰ ਸਰਬਸੰਮਤੀ ਨਾਲ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ। ਬਸਪਾ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਇੱਥੇ ਬਸਪਾ ਕਾਰਜਕਾਰਨੀ ਦੀ ਮੀਟਿੰਗ 'ਚ ਮਾਇਆਵਤੀ ਨੂੰ ਇਕ ਵਾਰ ਫਿਰ ਸਰਬਸੰਮਤੀ ਨਾਲ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ। ਬਿਆਨ 'ਚ ਕਿਹਾ ਗਿਆ ਹੈ,''ਮਾਇਆਵਤੀ ਜੀ ਨੂੰ ਇਕ ਵਾਰ ਫਿਰ ਸਰਬਸੰਮਤੀ ਨਾਲ ਬਸਪਾ ਦਾ ਰਾਸ਼ਟਰੀ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਸੰਕਲਪ ਨੂੰ ਦੁਹਰਾਇਆ ਕਿ ਦੇਸ਼ 'ਚ ਬਹੁਜਨਾਂ ਦੇ ਮਾਣ ਲਈ ਬਸਪਾ ਅੰਦੋਲਨ ਦੇ ਹਿੱਤ 'ਚ ਅਸੀਂ ਕਦੇ ਵੀ ਨਹੀਂ ਰੁਕਾਂਗੇ, ਸਮਝੌਤਾ ਨਹੀਂ ਕਰਾਂਗੇ, ਟੁੱਟਣ ਦੀ ਗੱਲ ਤਾਂ ਦੂਰ ਦੀ ਹੈ।''
ਮਾਇਆਵਤੀ ਨੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਸੋਮਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਸਪਾ ਦੀ ਰਾਸ਼ਟਰੀ ਕਾਰਜਕਾਰਣੀ ਦੀ 27 ਅਗਸਤ ਨੂੰ ਇੱਥੇ ਪਾਰਟੀ ਦਫ਼ਤਰ 'ਚ ਹੋਣ ਵਾਲੀ ਬਸਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੇ ਸਬੰਧ 'ਚ ਮੀਡੀਆ 'ਚ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਮਾਇਆਵਤੀ ਆਪਣੇ ਭਤੀਜੇ ਆਕਾਸ਼ ਆਨੰਦ ਦੀ ਪ੍ਰੋਫ਼ਾਈਲ ਨੂੰ ਵਧਾ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਨਿਆਸ ਨੂੰ ਲੈ ਕੇ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਬਸਪਾ ਮੁਖੀ ਨੇ ਸੋਮਵਾਰ ਨੂੰ 'ਐਕਸ' 'ਤੇ ਲਿਖਿਆ ਸੀ,''ਬਸਪਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਅਤੇ ਕਾਂਸ਼ੀ ਰਾਮ ਜੀ ਵਾਂਗ ਬਹੁਜਨਾਂ ਦੇ ਅੰਬੇਡਕਰਵਾਦੀ ਕਾਫ਼ਲੇ ਨੂੰ ਕਮਜ਼ੋਰ ਕਰਨ ਦੀਆਂ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਬਸਪਾ ਦੇ ਆਤਮ ਸਨਮਾਨ ਅਤੇ ਸਵੈ-ਮਾਣ ਅੰਦੋਲਨ ਨੂੰ ਸਮਰਪਿਤ ਰਹਿਣ ਦਾ ਫ਼ੈਸਲਾ ਅਟਲ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8