ਵੱਡਾ ਰੇਲ ਹਾਦਸਾ: ਪਟੜੀ ਤੋਂ ਉਤਰ ਗਈ ਕਾਮਾਖਿਆ ਐਕਸਪ੍ਰੈੱਸ, ਮੱਚ ਗਈ ਹਫੜਾ-ਦਫੜੀ

Sunday, Mar 30, 2025 - 09:03 PM (IST)

ਵੱਡਾ ਰੇਲ ਹਾਦਸਾ: ਪਟੜੀ ਤੋਂ ਉਤਰ ਗਈ ਕਾਮਾਖਿਆ ਐਕਸਪ੍ਰੈੱਸ, ਮੱਚ ਗਈ ਹਫੜਾ-ਦਫੜੀ

ਨੈਸ਼ਨਲ ਡੈਸਕ - ਓਡੀਸ਼ਾ ਵਿੱਚ ਐਤਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਿਆ। ਦਿੱਲੀ ਅਤੇ ਅਸਾਮ ਵਿਚਾਲੇ ਚੱਲਣ ਵਾਲੀ ਕਾਮਾਖਿਆ ਐਕਸਪ੍ਰੈਸ ਟਰੇਨ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਇਸ ਘਟਨਾ ਤੋਂ ਬਾਅਦ ਯਾਤਰੀਆਂ 'ਚ ਹੜਕੰਪ ਮੱਚ ਗਿਆ। ਇਹ ਘਟਨਾ ਈਸਟ ਕੋਸਟ ਰੇਲਵੇ ਦੇ ਖੁਰਦਾ ਡਿਵੀਜ਼ਨ ਦੀ ਹੈ। NDRF ਅਤੇ ਮੈਡੀਕਲ ਟੀਮਾਂ ਬਚਾਅ ਕਾਰਜ 'ਚ ਜੁਟੀਆਂ ਹੋਈਆਂ ਹਨ। ਇਹ ਹਾਦਸਾ ਸਵੇਰੇ 11.54 ਵਜੇ ਹੋਇਆ। NDRF ਅਤੇ SDRF ਟੀਮ ਨੇ 12551 ਬੈਂਗਲੁਰੂ-ਕਾਮਾਖਿਆ ਏਸੀ ਸੁਪਰਫਾਸਟ ਐਕਸਪ੍ਰੈਸ ਦੇ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਈਸਟ ਕੋਸਟ ਰੇਲਵੇ ਦੇ ਖੁਰਦਾ ਰੋਡ ਡਿਵੀਜ਼ਨ ਦੇ ਕਟਕ-ਨੇਰਗੁੰਡੀ ਰੇਲਵੇ ਸੈਕਸ਼ਨ ਦੇ ਨੇਰਗੁੰਡੀ ਸਟੇਸ਼ਨ ਨੇੜੇ ਇਸ ਐਕਸਪ੍ਰੈੱਸ ਦੇ 11 ਡੱਬੇ ਪਟੜੀ ਤੋਂ ਉਤਰ ਗਏ।

ਇੱਕ ਦੀ ਮੌਤ, 8 ਹਸਪਤਾਲ ਵਿੱਚ ਦਾਖਲ
ਓਡੀਸ਼ਾ ਦੇ ਕਟਕ ਵਿੱਚ ਨੇਰਗੁੰਡੀ ਸਟੇਸ਼ਨ ਨੇੜੇ ਬੇਂਗਲੁਰੂ-ਕਾਮਾਖਿਆ ਸੁਪਰਫਾਸਟ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਕਟਕ ਦੇ ਜ਼ਿਲ੍ਹਾ ਕੁਲੈਕਟਰ ਦੱਤਾਤ੍ਰੇਯ ਭਾਉਸਾਹਿਬ ਸ਼ਿੰਦੇ ਨੇ ਦੱਸਿਆ ਕਿ ਮ੍ਰਿਤਕ ਯਾਤਰੀ ਪੱਛਮੀ ਬੰਗਾਲ ਦੇ ਅਲੀਪੁਰਦੁਆਰ ਦਾ ਰਹਿਣ ਵਾਲਾ ਸੀ। ਅੱਠ ਹੋਰਾਂ ਨੂੰ ਇਲਾਜ ਲਈ ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਬੈਂਗਲੁਰੂ ਤੋਂ ਗੁਹਾਟੀ ਜਾ ਰਹੀ ਸੀ ਟ੍ਰੇਨ
ਹਾਦਸੇ ਦੀ ਪੁਸ਼ਟੀ ਕਰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਈਸਟ ਕੋਸਟ ਰੇਲਵੇ ਦੇ ਖੁਰਦਾ ਰੋਡ ਡਿਵੀਜ਼ਨ ਦੇ ਕਟਕ-ਨਾਰਾਗੁੰਡੀ ਰੇਲਵੇ ਸੈਕਸ਼ਨ ਦੇ ਕੋਲ ਵਾਪਰੀ। ਹਾਦਸੇ ਦੇ ਸਮੇਂ, ਐਸ.ਐਮ.ਵੀ.ਟੀ. ਬੈਂਗਲੁਰੂ-ਕਾਮਾਖਿਆ ਏਸੀ ਸੁਪਰਫਾਸਟ ਐਕਸਪ੍ਰੈਸ (12551) ਬੈਂਗਲੁਰੂ ਤੋਂ ਗੁਹਾਟੀ ਵੱਲ ਆ ਰਹੀ ਸੀ।

ਕਈ ਯਾਤਰੀਆਂ ਨੇ ਟ੍ਰੇਨ ਤੋਂ ਮਾਰੀ ਛਾਲ
ਇਸ ਹਾਦਸੇ ਵਿੱਚ ਬੀ-6 ਤੋਂ ਬੀ-14 ਤੱਕ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਟ੍ਰੇਨ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਨੇੜਲੇ ਜੰਗਲਾਂ ਅਤੇ ਖੇਤਾਂ ਵਿੱਚ ਜਾ ਡਿੱਗੀਆਂ। ਘਟਨਾ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਨੇ ਇਸ ਲਾਈਨ 'ਤੇ ਚੱਲਣ ਵਾਲੀਆਂ ਹੋਰ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਹੈਲਪਲਾਈਨ ਨੰਬਰ ਜਾਰੀ
ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਰੇਲਵੇ ਅਧਿਕਾਰੀ ਇਸ ਦੀ ਸਮੀਖਿਆ ਕਰ ਰਹੇ ਹਨ। ਰੇਲਵੇ ਨੇ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇੱਕ ਹੈਲਪਲਾਈਨ ਨੰਬਰ - 8991124238 ਜਾਰੀ ਕੀਤਾ ਹੈ। ਰੇਲਵੇ ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਰਾਹਤ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।


author

Inder Prajapati

Content Editor

Related News