ਆਸ਼ਰਮ 'ਚ ਹੋ ਗਈ ਵੱਡੀ ਅਣਹੋਣੀ, ਖਾਣਾ ਖਾਂਦਿਆਂ ਹੀ ਵਿਗੜ ਗਈ ਸਿਹਤ, 4 ਮੁੰਡੇ-ਕੁੜੀਆਂ ਦੀ ਹੋ ਗਈ ਮੌਤ
Thursday, Mar 27, 2025 - 11:15 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪੈਰਾ ਇਲਾਕੇ ਦੇ ਇੱਕ ਸਰਕਾਰੀ ਪੁਨਰਵਾਸ ਕੇਂਦਰ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਬੱਚਿਆਂ ਦੀ ਹਾਲਤ ਖ਼ਰਾਬ ਹੋ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਮੁੜ ਵਸੇਬਾ ਕੇਂਦਰ ਵਿੱਚ ਰਹਿ ਰਹੇ 20 ਤੋਂ ਵੱਧ ਬੱਚੇ ਖਾਣਾ ਖਾਣ ਮਗਰੋਂ ਅਚਾਨਕ ਬਿਮਾਰ ਹੋ ਗਏ ਤੇ ਉਲਟੀਆਂ ਕਰਨ ਲੱਗ ਪਏ, ਉਨ੍ਹਾਂ 'ਚੋਂ ਕਈਆਂ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਣ ਲੱਗੀ, ਜਿਸ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 4 ਬੱਚਿਆਂ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਬੱਚਿਆਂ 'ਚ ਦੋ ਮੁੰਡੇ ਅਤੇ ਦੋ ਕੁੜੀਆਂ ਸ਼ਾਮਲ ਹਨ।
ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਦੀਕਸ਼ਿਤ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਇਸ ਪੁਨਰਵਾਦ ਕੇਂਦਰ ਤੋਂ ਲਗਭਗ 20 ਬੱਚਿਆਂ ਨੂੰ ਪੇਟ ਦਰਦ ਤੇ ਉਲਟੀਆਂ ਕਾਰਨ ਇਸ ਹਸਪਤਾਲ ਲਿਆਂਦਾ ਗਿਆ। ਇਹ ਸਾਰੇ ਬੱਚੇ ਮਾਨਸਿਕ ਤੌਰ 'ਤੇ ਕਮਜ਼ੋਰ ਹਨ। ਉਨ੍ਹਾਂ ਨੂੰ ਠੀਕ ਕਰਨ ਲਈ ਡਾਕਟਰਾਂ ਨੇ ਪੂਰਾ ਜ਼ੋਰ ਲਗਾਇਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਰ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਦੋ ਬੱਚੇ, ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਨੂੰ ਦੂਜੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀ 16 ਬੱਚਿਆਂ ਦਾ ਇੱਥੇ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਹਾਲਤ 'ਚ ਹੁਣ ਸੁਧਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਲੱਗ ਗਈਆਂ ਮੌਜਾਂ ! ਭਲਕੇ ਲਈ ਹੋ ਗਿਆ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਬੈਂਕ ਵੀ ਰਹਿਣਗੇ ਬੰਦ
ਲਖਨਊ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਘਟਨਾ ਸਬੰਧੀ ਇੱਕ ਕਮੇਟੀ ਬਣਾਈ ਹੈ ਅਤੇ ਸਿਹਤ ਵਿਭਾਗ ਅਤੇ ਖੁਰਾਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਪ੍ਰਭਾਵਿਤ ਬੱਚਿਆਂ ਤੋਂ ਪੁੱਛਗਿੱਛ ਕਰਨ ਲਈ ਹਸਪਤਾਲ ਪਹੁੰਚੇ। ਸੂਤਰਾਂ ਅਨੁਸਾਰ ਮੁੜ ਵਸੇਬਾ ਕੇਂਦਰ ਤੋਂ ਭੋਜਨ ਦੇ ਨਮੂਨੇ ਜਾਂਚ ਲਈ ਲੈ ਲਏ ਗਏ ਹਨ ਤੇ ਇਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਵਿਕਾਸ ਸਿੰਘ ਨੇ ਪੁਸ਼ਟੀ ਕੀਤੀ ਕਿ ਕੇਂਦਰ ਵਿੱਚ 147 ਬੱਚੇ ਹਨ, ਜਿਨ੍ਹਾਂ ਵਿੱਚ ਬੇਸਹਾਰਾ ਅਤੇ ਮਾਨਸਿਕ ਤੌਰ 'ਤੇ ਬਿਮਾਰ ਬੱਚੇ ਵੀ ਸ਼ਾਮਲ ਹਨ। ਨਿਰਵਾਣ ਸੰਸਥਾਨ ਦੇ ਤਹਿਤ ਬੇਸਹਾਰਾ ਤੇ ਮਾਨਸਿਕ ਤੌਰ 'ਤੇ ਅਪਾਹਜ ਕੁੜੀਆਂ ਨੂੰ ਆਸਰਾ ਦਿੱਤਾ ਜਾਂਦਾ ਹੈ। ਫਿਲਹਾਲ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਹੁਣ ਸੜਕਾਂ 'ਤੇ ਚੱਲਣਾ ਵੀ ਹੋ ਜਾਵੇਗਾ ਮਹਿੰਗਾ ! 1 ਅਪ੍ਰੈਲ ਤੋਂ ਵਧ ਜਾਣਗੇ ਟੋਲ ਟੈਕਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e