23 ਸਾਲ ਦੀ ਮਾਵਿਆ ਸੂਦਨ ਨੇ ਵਧਾਇਆ ਦੇਸ਼ ਦਾ ਮਾਣ, ਬਣੀ ਜੰਮੂ ਕਸ਼ਮੀਰ ਦੀ ਪਹਿਲੀ ਮਹਿਲਾ ਫ਼ਾਈਟਰ ਪਾਇਲਟ

06/21/2021 10:28:33 AM

ਜੰਮੂ- 23 ਸਾਲ ਦੀ ਮਾਵਿਆ ਸੂਦਨ ਜੰਮੂ ਕਸ਼ਮੀਰ ਦੀ ਪਹਿਲੀ ਅਜਿਹੀ ਧੀ ਹੈ, ਜਿਸ ਨੇ ਭਾਰਤੀ ਹਵਾਈ ਫ਼ੌਜ 'ਚ ਮਹਿਲਾ ਫ਼ਾਈਟਰ ਪਾਇਲਟ ਬਣਨ ਦਾ ਮਾਣ ਹਾਸਲ ਹੋਇਆ ਹੈ। ਰਾਜੌਰੀ ਦੀ ਰਹਿਣ ਵਾਲੀ ਮਾਵਿਆ ਦੇਸ਼ ਦੀ 12ਵੀਂ ਮਹਿਲਾ ਫ਼ਾਈਟਰ ਪਾਇਲਟ ਹੈ। ਸ਼ਨੀਵਾਰ ਨੂੰ ਤੇਲੰਗਾਨਾ ਦੀ ਡੁੰਡਿਗਲ ਹਵਾਈ ਫ਼ੌਜ ਅਕਾਦਮੀ 'ਚ ਹੋਏ ਪਾਸਿੰਗ ਆਊਟ ਪਰੇਡ 'ਚ ਮਾਵਿਆ ਇਕਲੌਤੀ ਮਹਿਲਾ ਫ਼ਾਈਟਰ ਪਾਇਲਟ ਦੇ ਰੂਪ 'ਚ ਸ਼ਾਮਲ ਰਹੀ। ਰਾਜੌਰੀ ਦੇ ਪਿੰਡ ਲੰਬੇੜੀ ਦੀ ਰਹਿਣ ਵਾਲੀ ਮਾਵਿਆ ਨੇ ਜੰਮੂ ਦੇ ਕਾਰਮਲ ਕਾਨਵੈਂਟ ਸੂਕਲ ਤੋਂ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ ਉਸ ਨੇ ਚੰਡੀਗੜ੍ਹ 'ਚ ਡੀ.ਏ.ਵੀ. ਤੋਂ ਪਾਲਿਟੀਕਲ ਸਾਇੰਸ 'ਚ ਗਰੈਜੂਏਸ਼ਨ ਕੀਤਾ। ਪੜ੍ਹਨ 'ਚ ਹੁਸ਼ਿਆਰ ਮਾਵਿਆ ਨੇ ਸਾਲ 2020 'ਚ ਹਵਾਈ ਫ਼ੌਜ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਸੀ। 

ਆਪਣੀ ਧੀ ਦੀ ਉਪਲੱਬਧੀ 'ਤੇ ਪਿਤਾ ਵਿਨੋਦ ਸੂਦਨ ਬੇਹੱਦ ਖ਼ੁਸ਼ ਹਨ। ਉਹ ਕਹਿੰਦੇ ਹਨ ਕਿ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹੁਣ ਉਹ ਸਿਰਫ਼ ਮੇਰੀ ਨਹੀਂ ਪੂਰੇ ਦੇਸ਼ ਦੀ ਧੀ ਬਣ ਗਈ ਹੈ। ਸਾਨੂੰ ਲਗਾਤਾਰ ਲੋਕਾਂ ਦੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਭੈਣ ਮਾਨਯਤਾ ਸੂਦਨ ਨੇ ਦੱਸਿਆ ਕਿ ਮਾਵਿਆ ਬਚਪਨ ਤੋਂ ਹੀ ਏਅਰਫ਼ੋਰਸ 'ਚ ਜਾਣ ਦਾ ਸੁਫ਼ਨਾ ਦੇਖਦੀ ਸੀ। ਉਹ ਹਮੇਸ਼ਾ ਫ਼ਾਈਟਰ ਪਾਇਲਟ ਬਣ ਕੇ ਪਲੇਨ ਉਡਾਣ ਦੀਆਂ ਗੱਲਾਂ ਕਰਦੀ ਸੀ। ਅੱਜ ਉਸ ਦਾ ਸੁਫ਼ਨਾ ਪੂਰਾ ਹੋ ਗਿਆ।

ਸ਼੍ਰੀਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ 'ਚ ਜੇਈ ਦੇ ਅਹੁਦੇ 'ਤੇ ਕੰਮ ਕਰਨ ਵਾਲੀ ਮਾਨਯਤਾ ਸੂਦਨ ਦਾ ਕਹਿਣਾ ਹੈ ਕਿ ਹਾਲੇ ਤਾਂ ਸ਼ੁਰੂਆਤ ਹੈ। ਮਾਵਿਆ ਨੂੰ ਪੂਰੇ ਦੇਸ਼ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ। ਹਰ ਕੋਈਉਸ ਨੂੰ ਆਪਣੀ ਧੀ ਦੀ ਤਰ੍ਹਾਂ ਮੰਨ ਰਿਹਾ ਹੈ। ਉਹ ਅੱਗੇ ਹੋਰ ਸਫ਼ਲਤਾ ਹਾਸਲ ਕਰੇਗੀ। ਉੱਥੇ ਹੀ ਮਾਵਿਆ ਦੀ ਮਾਂ ਸੁਸ਼ਮਾ ਨੇ ਦੱਸਿਆ ਕਿ ਧੀ ਦੀ ਸਫ਼ਲਤਾ ਬਾਰੇ ਸੁਣ ਕੇ ਪੂਰੇ ਪਿੰਡ ਦੀ ਛਾਤੀ ਚੌੜੀ ਹੋ ਗਈ ਹੈ।


DIsha

Content Editor

Related News