ਮਥੁਰਾ ’ਚ ਇਸਕਾਨ ਮੰਦਰ ’ਚ ਕਰੋੜਾਂ ਦਾ ਘਪਲਾ, ਦਾਨ ਕੀਤੇ ਪੈਸੇ ਤੇ ਰਸੀਦ ਬੁੱਕਾਂ ਲੈ ਕੇ ਮੁਲਾਜ਼ਮ ਫਰਾਰ
Sunday, Jan 05, 2025 - 12:11 AM (IST)
ਮਥੁਰਾ- ਯੂ. ਪੀ. ਦੇ ਮਥੁਰਾ ਜ਼ਿਲੇ ’ਚ ਵ੍ਰਿੰਦਾਵਨ ਵਿਖੇ ਸਥਿਤ ਕ੍ਰਿਸ਼ਨਾ-ਬਲਰਾਮ ਇਸਕਾਨ ਮੰਦਰ ’ਚ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ।
ਇਸਕਾਨ ਮੰਦਿਰ ਦੇ ਮੈਂਬਰਸ਼ਿਪ ਵਿਭਾਗ ’ਚ ਮੁਰਲੀਧਰ ਦਾਸ ਪੁੱਤਰ ਨਿਮਾਚੰਦ ਯਾਦਵ ਮੂਲ ਵਾਸੀ ਸ਼੍ਰੀਰਾਮ ਕਾਲੋਨੀ, ਰਾਉਗੰਜ , ਇੰਦੌਰ (ਮੱਧ ਪ੍ਰਦੇਸ਼) ਤੇ ਹਾਲ ਵਾਸੀ ਛੱਤੀਕਾਰਾ ਥਾਣਾ ਜੈਤ ਨੂੰ ਦਾਨੀਆਂ ਕੋਲੋਂ ਦਾਨ ਲੈ ਕੇ ਰਸੀਦਾਂ ਦੇਣ ਲਈ ਨਿਯੁਕਤ ਕੀਤਾ ਗਿਆ ਸੀ।
ਦੋਸ਼ ਹੈ ਕਿ ਮੁਰਲੀਧਰ ਨੇ ਇਸਕਾਨ ਦੇ ਪ੍ਰਬੰਧਕਾਂ ਕੋਲੋਂ 32 ਰਸੀਦ ਬੁੱਕਾਂ ਲੈ ਕੇ ਆਪਣੇ ਕੋਲ ਰੱਖ ਲਈਆਂ ਅਤੇ ਦਾਨੀਆਂ ਵੱਲੋਂ ਦਿੱਤੇ ਗਏ ਕਰੋੜਾਂ ਰੁਪਏ ਦਾ ਗਬਨ ਕੀਤਾ। ਉਹ ਰਸੀਦ ਬੁੱਕਾਂ ਅਤੇ ਦਾਨ ਦੇ ਪੈਸੇ ਲੈ ਕੇ ਮੰਦਰ ਛੱਡ ਕੇ ਭੱਜ ਗਿਆ।
ਦੋਸ਼ ਹੈ ਕਿ ਜਦੋਂ ਉਸ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤੇ ਰਸੀਦ ਬੁੱਕਾਂ ਵਾਪਸ ਕਰਨ ਤੇ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
27 ਦਸੰਬਰ ਨੂੰ ਮੰਦਰ ਦੇ ਮੁੱਖ ਵਿੱਤ ਅਧਿਕਾਰੀ ਵਿਸ਼ਵਨਾਮ ਦਾਸ ਨੇ ਫਰਾਰ ਮੁਲਾਜ਼ਮ ਖ਼ਿਲਾਫ਼ ਐੱਸ. ਐੱਸ. ਪੀ. ਕੋਲ ਸ਼ਿਕਾਇਤ ਦਰਜ ਕਰਵਾਈ।
ਐੱਸ. ਐੱਸ. ਪੀ ਦੇ ਹੁਕਮਾਂ ’ਤੇ ਵੀਰਵਾਰ ਦੇਰ ਰਾਤ ਮੁਰਲੀਧਰ ਖਿਲਾਫ ਥਾਣਾ ਸਦਰ ’ਚ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਜਾਂਚ ਰਾਮਾਰੇਤੀ ਪੁਲਸ ਚੌਕੀ ਦੇ ਇੰਚਾਰਜ ਸ਼ਿਵਸ਼ਰਨ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਮੰਦਰ ਦੇ ਪੀ. ਆਰ.ਓ. ਰਵਿਲੋਚਨ ਦਾਸ ਨੇ ਦੱਸਿਆ ਕਿ ਕਿੰਨਾ ਦਾਨ ਸੀ ਤੇ ਕਿੱਥੋਂ ਪ੍ਰਾਪਤ ਹੋਇਆ ਸੀ, ਬਾਰੇ ਪੂਰੀ ਜਾਣਕਾਰੀ ਰਸੀਦ ਬੁੱਕਾਂ ਮਿਲਣ ਤੋਂ ਬਾਅਦ ਹੀ ਲੱਗੇਗੀ।