ਵਰਿੰਦਾਵਨ ’ਚ ਬਾਂਕੇ ਬਿਹਾਰੀ ਮੰਦਰ ਨੇੜੇ ਘਰ ਦੀ ਛੱਤ ਢਹਿਣ ਕਾਰਨ 5 ਦੀ ਮੌਤ, CM ਯੋਗੀ ਨੇ ਕੀਤਾ ਮੁਆਵਜ਼ੇ ਦਾ ਐਲਾਨ
Thursday, Aug 17, 2023 - 12:00 PM (IST)
ਮਥੁਰਾ, (ਇੰਟ.)– ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਰਿੰਦਾਵਨ ਵਿਚ ਭਾਰੀ ਮੀਂਹ ਕਾਰਨ ਬਾਂਕੇ ਬਿਹਾਰੀ ਮੰਦਰ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਮੰਗਲਵਾਰ ਸ਼ਾਮ ਪ੍ਰਸਿੱਧ ਮੰਦਰ ਨਾਲ ਲੱਗੇ ਇਕ ਖਸਤਾਹਾਲ ਮਕਾਨ ਦੀ ਪਹਿਲੀ ਮੰਜ਼ਿਲ ਮੀਂਹ ਕਾਰਨ ਢੱਠ ਗਈ। ਇਸ ਦਰਦਨਾਕ ਹਾਦਸੇ ਵਿਚ ਬਾਂਕੇ ਬਿਹਾਰੀ ਮੰਦਰ ਵਿਚ ਦਰਸ਼ਨਾਂ ਨੂੰ ਆਏ 5 ਸ਼ਰਧਾਲੂਆਂ ਦੀ ਮੌਤ ਹੋ ਗਈ। ਉਥੇ ਹੀ 4 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜ਼ਿਲਾ ਮੈਜਿਸਟ੍ਰੇਟ ਪੁਲਕਿਤ ਖਰੇ ਨੇ ਦੱਸਿਆ ਕਿ ਪੁਲਸ-ਪ੍ਰਸ਼ਾਸਨ ਦੀ ਟੀਮ ਰਾਹਤ ਅਤੇ ਬਚਾਅ ਕੰਮ ਵਿਚ ਲੱਗੀ ਹੈ। ਮਲਬਾ ਹਟਾਉਣ ਅਤੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਹਾਦਸੇ ਵਿਚ ਅਜੇ ਵੀ ਕਈ ਲੋਕਾਂ ਦੇ ਮਲਬੇ ਵਿਚ ਦੱਬੇ ਹੋਣ ਦਾ ਖਦਸ਼ਾ ਹੈ।
ਇਸ ਹਾਦਸੇ 'ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁਖ ਜਤਾਇਆ ਹੈ। ਮੁੱਖ ਮੰਤਰੀ ਦਫਤਰ ਵੱਲੋਂ ਟਵੀਟ ਕੀਤਾ ਗਿਆ ਕਿ ਜਨਪਦ ਮਥੁਰਾ 'ਚ ਪੁਰਾਣਾ ਭਵਨ ਡਿੱਗਣ ਦੀ ਦੁਖਦ ਘਟਨਾ 'ਚ ਹੋਈ ਜਨਹਾਨੀ ਪ੍ਰਤੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਦੁਖੀ ਪਰਿਵਾਰ ਵਾਲਿਆਂ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕਰਦੇ ਹੋਏ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜ਼ਖਮੀਆਂ ਦੇ ਇਲਾਜ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਸੀਨੀਅਨ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ 'ਚ ਜੰਗੀ ਪੱਧਰ 'ਤੇ ਰਾਹਤ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸਤੋਂ ਇਲਾਵਾ ਸੀ.ਐੱਮ. ਯੋਗੀ ਵੱਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਆਦੇਸ਼ ਦਿੱਤੇ ਹਨ।