ਜੇਬ ’ਚ ਨਹੀਂ ਹੈ ਇਕ ਵੀ ਪੈਸਾ ਤਾਂ ਵੀ ਹੋਣਗੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ
Saturday, Nov 23, 2024 - 03:30 PM (IST)
ਕਟੜਾ- ਜੇ ਕੋਈ ਬਹੁਤ ਗਰੀਬ ਹੈ, ਜਿਵੇਂ-ਤਿਵੇਂ ਕਟੜਾ ਪਹੁੰਚਿਆ ਹੈ ਤਾਂ ਵੀ ਸ਼੍ਰਾਈਨ ਬੋਰਡ ਵਲੋਂ ਉਸ ਦੇ ਲਈ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦੇ ਨਾਲ-ਨਾਲ ਰਹਿਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ। ਅਜਿਹੇ ਭਗਤਾਂ ਨੂੰ ਰਜਿਸਟ੍ਰੇਸ਼ਨ ਕਾਊਂਟਰ ’ਤੇ ਬੈਠੇ ਕਰਮਚਾਰੀ ਨੂੰ ਸਿਰਫ ਆਪਣੀ ਸਮੱਸਿਆ ਦੱਸਣੀ ਹੋਵੇਗੀ। ਉਸ ਦੀ ਰਜਿਸਟ੍ਰੇਸ਼ਨ ਮੁਫਤ ਹੋਵੇਗੀ, ਸ਼੍ਰਾਈਨ ਬੋਰਡ ਦੇ ਰਸਤੇ ਅਤੇ ਭਵਨ ’ਤੇ ਸਥਿਤ ਢਾਬਿਆਂ ’ਚ ਉਸ ਨੂੰ ਮੁਫਤ ਭੋਜਨ, ਚਾਹ-ਪਾਣੀ ਮਿਲੇਗਾ। ਇੰਨਾ ਹੀ ਨਹੀਂ, ਉਸ ਨੂੰ ਭਵਨ ’ਤੇ ਰਾਤ ਆਰਾਮ ਲਈ ਮੁਫਤ ਬਿਸਤਰਾ ਵੀ ਮੁਹੱਈਆ ਕਰਾਇਆ ਜਾਂਦਾ ਹੈ। ਜੇ ਕੋਈ ਦਿਵਿਆਂਗ ਹੈ ਤਾਂ ਉਸ ਨੂੰ ਬੈਟਰੀ ਕਾਰ ਸਮੇਤ ਮੁਫਤ ਯਾਤਰਾ ਦਿੱਤੀ ਜਾਂਦੀ ਹੈ। ਇਹੀ ਨਹੀਂ, ਨਰਾਤਿਆਂ ਦੌਰਾਨ ਦਿਵਿਆਂਗਾਂ ਨੂੰ ਕਟੜਾ ਤੋਂ ਘੋੜੇ ਦੀ ਸਹੂਲਤ ਵੀ ਮੁਫਤ ਦਿੱਤੀ ਜਾਂਦੀ ਹੈ। ਇਕ ਸਹਾਇਕ ਵੀ ਮੁਹੱਈਆ ਕਰਵਾਉਣ ਦੀ ਵਿਵਸਥਾ ਹੈ। ਸੀਨੀਅਰ ਸਿਟੀਜ਼ਨਾਂ ਨੂੰ ਸਾਰੀਆਂ ਸਹੂਲਤਾਂ ’ਚ ਪਹਿਲ ਹੈ, ਹਾਲਾਂਕਿ ਉਨ੍ਹਾਂ ਨੂੰ ਫੀਸ ਦੇਣੀ ਪਵੇਗੀ।
ਇਹ ਵੀ ਪੜ੍ਹੋ- ਜਾਣੋ ਸ਼ਗਨ ਦੇ ਲਿਫ਼ਾਫੇ 'ਚ ਕਿਉਂ ਹੁੰਦਾ ਹੈ '1 ਰੁਪਏ' ਦਾ ਹੀ ਸਿੱਕਾ
ਅਟਕਾ ਆਰਤੀ ’ਚ ਮੁਫਤ ਬੈਠਣ ਦੀ ਵੀ ਸਹੂਲਤ
ਮਾਤਾ ਜੀ ਦੀ ਗੁਫਾ ’ਤੇ ਹੋਣ ਵਾਲੀ ਸਵੇਰ-ਸ਼ਾਮ ਦੀ ਅਟਕਾ ਆਰਤੀ ਲਈ ਸ਼੍ਰਾਈਨ ਬੋਰਡ ਨੇ 2000 ਰੁਪਏ ਪ੍ਰਤੀ ਵਿਅਕਤੀ ਫੀਸ ਤੈਅ ਕੀਤੀ ਹੋਈ ਹੈ ਪਰ ਸ਼ਾਇਦ ਹੀ ਤੁਹਾਨੂੰ ਇਹ ਜਾਣਕਾਰੀ ਹੋਵੇਗੀ ਕਿ ਤੁਸੀਂ ਬਿਨਾਂ ਫੀਸ ਦਿੱਤੇ ਵੀ ਆਰਤੀ ’ਚ ਬੈਠ ਸਕਦੇ ਹੋ। ਸ਼੍ਰਾਈਨ ਬੋਰਡ ਰੋਜ਼ਾਨਾ 50 ਸ਼ਰਧਾਲੂਆਂ ਨੂੰ ਮੁਫਤ ਆਰਤੀ ’ਚ ਬਿਠਾਉਣਾ ਯਕੀਨੀ ਬਣਾਉਂਦਾ ਹੈ। ਇਹ ਰੋਜ਼ ਦਾ ਨਿਯਮ ਹੈ। ਇਸ ’ਚ ਭਗਤਾਂ ਦੀ ਚੋਣ ਨੂੰ ਲੈ ਕੇ ਸਵਾਲ ਨਾ ਉੱਠਣ, ਇਸ ਲਈ ਤੈਅ ਕੀਤਾ ਗਿਆ ਹੈ ਕਿ ਆਰਤੀ ਦੇ ਸਮੇਂ ਜਦੋਂ ਦਰਸ਼ਨ ਗੇਟ ਬੰਦ ਹੋ ਜਾਂਦਾ ਹੈ ਤਾਂ ਉਸ ਸਮੇਂ ਜੋ ਪਹਿਲੇ 50 ਲੋਕ ਹੁੰਦੇ ਹਨ, ਉਨ੍ਹਾਂ ਨੂੰ ਸਿੱਧੇ ਗੁਫਾ ’ਚ ਆਰਤੀ ਵਾਲੇ ਸਥਾਨ ’ਤੇ ਮੁਫਤ ਲਿਜਾਇਆ ਜਾਂਦਾ ਹੈ ਭਾਵ ਤੁਹਾਡੀ ਕਿਸਮਤ ਹੈ ਤਾਂ ਬਿਨਾਂ ਪੈਸਾ ਦਿੱਤੇ ਆਰਤੀ ’ਚ ਬੈਠ ਸਕਦੇ ਹੋ।
ਇਹ ਵੀ ਪੜ੍ਹੋ- ਆਜ਼ਾਦ ਭਾਰਤ ਦੀ ਪਹਿਲੀ ਡਾਕ ਟਿਕਟ 'ਜੈ ਹਿੰਦ', ਕੀਮਤ ਜਾਣ ਰਹਿ ਜਾਓਗੇ ਹੈਰਾਨ
ਭਗਤਾਂ ਨੂੰ ਹੈਲਥ ਏ. ਟੀ. ਐੱਮ. ਦੀ ਵਿਸ਼ੇਸ਼ ਸਹੂਲਤ, ਮੌਕੇ ’ਤੇ 15 ਟੈਸਟ
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਨੇ ਯਾਤਰਾ ਦੌਰਾਨ ਕਿਸੇ ਭਗਤ ਨੂੰ ਸਿਹਤ ਸਬੰਧੀ ਸਮੱਸਿਆ ਹੋਣ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਪੂਰੇ ਰਸਤੇ ’ਤੇ 8 ਡਿਸਪੈਂਸਰੀਆਂ ਹਨ, ਜਿੱਥੇ ਦਿਨ-ਰਾਤ 30 ਲੋਕ ਡਿਊਟੀ ਦਿੰਦੇ ਹਨ। ਕਿਸੇ ਨੂੰ ਗੰਭੀਰ ਸਮੱਸਿਆ ਹੋਣ ’ਤੇ ਉਸ ਨੂੰ ਐਂਬੂਲੈਂਸ ਰਾਹੀਂ ਅੱਧੇ ਘੰਟੇ ’ਚ ਭਵਨ ਤੋਂ ਕਟੜਾ ਪਹੁੰਚਾਉਣ ਦੀ ਵਿਵਸਥਾ ਹੈ। ਇਹੀ ਨਹੀਂ, ਜੇ ਸਮੱਸਿਆ ਗੰਭੀਰ ਹੈ ਤਾਂ ਕਟੜਾ-ਜੰਮੂ ਵਿਚਾਲੇ ਮਲਟੀਸਪੈਸ਼ਲਿਟੀ ਹਸਪਤਾਲ ਨਾਲ ਸਮਝੌਤਾ ਹੈ ਅਤੇ ਆਨਲਾਈਨ ਸਲਾਹ ਵੀ ਲਈ ਜਾ ਸਕਦੀ ਹੈ।
ਇਹ ਵੀ ਪੜ੍ਹੋ- ਲਾਗੂ ਹੋਇਆ Work From Home, 50 ਫ਼ੀਸਦੀ ਕਰਮਚਾਰੀ ਘਰੋਂ ਕਰਨਗੇ ਕੰਮ
ਖਾਸ ਗੱਲ ਇਹ ਹੈ ਕਿ ਇਲਾਜ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਜਦੋਂ ਤੁਹਾਡੀ ਰਜਿਸਟ੍ਰੇਸ਼ਨ ਹੁੰਦੀ ਹੈ ਤਾਂ ਉਸ ’ਚ 5 ਲੱਖ ਦਾ ਬੀਮਾ ਵੀ ਨਾਲ ਹੁੰਦਾ ਹੈ। ਲੋੜ ਪੈਣ ’ਤੇ ਇਸ ਪੈਸੇ ਨਾਲ ਬਿਹਤਰ ਇਲਾਜ ਯਕੀਨੀ ਬਣਾਇਆ ਜਾਂਦਾ ਹੈ। ਵਿਸ਼ੇਸ਼ ਹੈਲਥ ਏ. ਟੀ. ਐੱਮ. ਬਣਾਏ ਗਏ ਹਨ, ਜਿੱਥੇ ਮੌਕੇ ’ਤੇ ਹੀ 15 ਟੈਸਟ ਹੋ ਸਕਣਗੇ ਅਤੇ ਜੇ ਮਾਮਲਾ ਗੰਭੀਰ ਹੈ ਤਾਂ ਉਥੋਂ ਹੀ ਆਨਲਾਈਨ ਮਾਹਿਰ ਡਾਕਟਰ ਤੋਂ ਸਲਾਹ ਲਈ ਜਾ ਸਕੇਗੀ।