ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਯਾਤਰਾ ਮਾਰਗ ’ਤੇ ਹੀ ਹੋਣਗੇ ‘ਆਰਤੀ’ ਦੇ ਦਰਸ਼ਨ

Thursday, Jul 15, 2021 - 02:08 PM (IST)

ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ; ਯਾਤਰਾ ਮਾਰਗ ’ਤੇ ਹੀ ਹੋਣਗੇ ‘ਆਰਤੀ’ ਦੇ ਦਰਸ਼ਨ

ਕਟੜਾ/ਜੰਮੂ—  ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖੁਸ਼ਖ਼ਬਰੀ ਹੈ। ਮਾਤਾ ਦੇ ਭਵਨ ਵਿਚ ਸਵੇਰੇ-ਸ਼ਾਮ ਹੋਣ ਵਾਲੀ ਆਰਤੀ ਦਾ ਸਿੱਧਾ ਪ੍ਰਸਾਰਣ ਹੁਣ ਸ਼ਰਧਾਲੂ ਯਾਤਰੀ ਮਾਰਗ ’ਤੇ ਹੀ ਵੇਖ ਸਕਣਗੇ। ਇਸ ਲਈ ਯਾਤਰਾ ਮਾਰਗ ’ਤੇ ਐੱਲ. ਈ. ਡੀ. ਸਕ੍ਰੀਨ ਲਾਉਣ ਦਾ ਕੰਮ ਜਾਰੀ ਹੈ। ਸਕ੍ਰੀਨ ’ਤੇ ਸ਼ਰਧਾਲੂਆਂ ਨੂੰ ਹਰ ਪਲ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਪਿੰਡੀਆਂ ਦੇ ਦਰਸ਼ਨ ਵੀ ਹੁੰਦੇ ਰਹਿਣਗੇ। ਇਸ ਦੇ ਨਾਲ ਹੀ ਸ਼ਰਧਾਲੂਆਂ ਨੂੰ ਯਾਤਰਾ ਸਬੰਧੀ ਸਾਰੀ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਵੀ ਉਪਲੱਬਧ ਹੋਵੇਗੀ। ਇਹ ਕੰਮ ਇਕ ਮਹੀਨੇ ਦੇ ਅੰਦਰ ਪੂਰਾ ਹੋ ਜਾਵੇਗਾ।

PunjabKesari

ਇਨ੍ਹਾਂ ਥਾਵਾਂ ’ਤੇ ਲੱੱਗੇਗੀ ਐੱਲ. ਈ. ਡੀ—
ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ 5 ਬਾਈ 7 ਫੁੱਟ ਦੀ ਐੱਲ. ਈ. ਡੀ. ਸਕ੍ਰੀਨ ਮਾਤਾ ਵੈਸ਼ਨੋ ਦੇਵੀ ਦੇ ਪ੍ਰਵੇਸ਼ ਦੁਆਰ ਦਰਸ਼ਨੀ ਡਿਓੜੀ, ਨਵੇਂ ਤਾਰਾਕੋਟ ਮਾਰਗ ਦੇ ਪ੍ਰਵੇਸ਼ ਦੁਆਰ, ਤਾਰਾਕੋਟ ਲੰਗਰ ਕੰਪਲੈਕਸ, ਅਰਧ ਕੁਆਰੀ ਮੰਦਰ, ਭੈਰਵ ਘਾਟੀ, ਸਾਂਝੀ ਛੱਤ ਆਦਿ ਸਥਾਨਾਂ ’ਤੇ ਲਾਈ ਜਾ ਰਹੀ ਹੈ। ਸਾਰੇ ਮੌਸਮ ਵਿਚ ਐੱਲ. ਈ. ਡੀ. ਸਕ੍ਰੀਨ ਲਗਾਤਾਰ ਚੱਲਦੀ ਰਹੇਗੀ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਯਾਤਰਾ ਮਾਰਗ ’ਤੇ ਰੁੱਕ-ਰੁੱਕ ਕੇ ਮੀਂਹ ਪੈਂਦਾ ਰਿਹਾ। ਇਸ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ’ਚ ਕੋਈ ਕਮੀ ਨਹੀਂ ਆਈ। 14 ਜੁਲਾਈ ਯਾਨੀ ਕਿ ਬੁੱਧਵਾਰ ਸ਼ਾਮ  ਤੱਕ 6 ਹਜ਼ਾਰ ਤੋਂ ਵੱਧ ਸ਼ਰਧਾਲੂ ਭਵਨ ਵੱਲ ਰਵਾਨਾ ਹੋ ਚੁੱਕੇ ਸਨ ਅਤੇ ਯਾਤਰਾ ਲਗਾਤਾਰ ਜਾਰੀ ਹੈ। ਮੌਸਮ ਨੂੰ ਵੇਖਦੇ ਹੋਏ ਵੈਸ਼ਨੋ ਦੇਵੀ ਦੇ ਸਾਰੇ ਮਾਰਗਾਂ ’ਤੇ ਆਫ਼ਤ ਪ੍ਰਬੰਧਨ ਦਲ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ ਹੈ।  

PunjabKesari

ਸ਼ਰਧਾਲੂਆਂ ਲਈ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ—
ਓਧਰ ਸ਼ਰਾਈਨ ਬੋਰਡ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਲਈ 48 ਘੰਟੇ ਪੁਰਾਣੀ ਕੋਰੋਨਾ ਦੀ ਨੈਗੇਟਿਵ ਰਿਪੋਰਟ ਜ਼ਰੂਰੀ ਹੋਵੇਗੀ। ਸ਼ਰਾਈਨ ਬੋਰਡ ਦੇ ਸੀ. ਈ. ਓ. ਰਮੇਸ਼ ਕੁਮਾਰ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਸ਼ਰਧਾਲੂਆਂ ਨੂੰ ਆਪਣੀ ਰਿਪੋਰਟ ਨਾਲ ਲਿਆਉਣ ਦੀ ਅਪੀਲ ਕੀਤੀ ਹੈ। ਜਿਨ੍ਹਾਂ ਯਾਤਰੀਆਂ ਕੋਲ 48 ਘੰਟਿਆਂ ਅੰਦਰ ਕਰਵਾਈ ਗਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ, ਉਨ੍ਹਾਂ ਲਈ ਰੇਲਵੇ ਸਟੇਸ਼ਨ ਕਟੜਾ, ਹੈਲੀਪੈਡ, ਦਰਸ਼ਨੀ ਡਿਓੜੀ ਅਤੇ ਤਾਰਾਕੋਟ ਮਾਰਗ ’ਤੇ ਜਾਂਚ ਦੀ ਵਿਵਸਥਾ ਕੀਤੀ ਗਈ ਹੈ। ਕਿਸੇ ਵੀ ਸ਼ਰਧਾਲੂ ਨੂੰ ਬਿਨਾਂ ਟੈਸਟ ਕਰਵਾਏ ਯਾਤਰਾ ’ਤੇ ਜਾਣ ਦੀ ਆਗਿਆ ਨਹੀਂ ਹੋਵੇਗੀ। 

PunjabKesari


author

Tanu

Content Editor

Related News