ਮੂੰਹ ''ਤੇ ਮਾਸਕ ਅਤੇ ਦੋਸਤ ਤੋਂ ਦੂਰੀ, ਬੱਚਿਆਂ ਦੇ ਚਿਹਰੇ ''ਤੇ ਦਿੱਸੀ ਕਾਫ਼ੀ ਸਮੇਂ ਬਾਅਦ ਸਕੂਲ ਆਉਣ ਦੀ ਖੁਸ਼ੀ
Monday, Sep 21, 2020 - 02:20 PM (IST)
ਨਵੀਂ ਦਿੱਲੀ- 5 ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ ਸੋਮਵਾਰ ਨੂੰ ਕੁਝ ਸੂਬਿਆਂ 'ਚ ਸਕੂਲ ਖੁੱਲ੍ਹ ਗਏ। ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਚਿਹਰਿਆਂ 'ਤੇ ਮਾਸਕ ਸੀ ਪਰ ਅੱਖਾਂ 'ਚ ਇੰਨੇ ਟਾਈਮ ਬਾਅਦ ਸਕੂਲ ਆਉਣ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਸਕੂਲ ਖੋਲ੍ਹਣ ਦਾ ਫੈਸਲਾ ਆਸਾਨ ਨਹੀਂ ਸੀ। ਇਸ ਲਈ ਜੋ ਵੀ ਸਕੂਲ ਖੁੱਲ੍ਹੇ ਹਨ, ਉੱਥੇ ਸਮਾਜਿਕ ਦੂਰੀ, ਥਰਮਲ ਚੈਕਿੰਗ ਸਮੇਤ ਸੈਨੀਟਾਈਜੇਸ਼ਨ ਦੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਜੰਮੂ ਅਤੇ ਕਸ਼ਮੀਰ, ਚੰਡੀਗੜ੍ਹ, ਆਸਾਮ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਨਾਰਥ-ਈਸਟ ਦੇ ਕੁਝ ਸੂਬਿਆਂ 'ਚ ਹੀ ਸਕੂਲ ਖੋਲ੍ਹੇ ਗਏ ਹਨ। ਜ਼ਿਆਦਾਤਰ ਵੱਡੇ ਸੂਬਿਆਂ ਨੇ ਕੋਵਿਡ-19 ਇਨਫੈਕਸ਼ਨ ਦੇ ਰਿਸਕ ਨੂੰ ਦੇਖਦੇ ਹੋਏ ਸਕੂਲ ਨਾ ਖੋਲ੍ਹਣਾ ਹੀ ਸਹੀ ਸਮਝਿਆ ਹੈ।
ਫਿਲਹਾਲ ਸਰਕਾਰ ਨੇ ਕਿਹਾ ਹੈ ਕਿ ਬੱਚੇ ਸਕੂਲ ਨਾ ਆਉਣ ਚਾਹੁਣ ਤਾਂ ਕੋਈ ਗੱਲ ਨਹੀਂ। ਸਕੂਲ ਆਉਣ ਵਾਲਿਆਂ ਨੂੰ ਮਾਤਾ-ਪਿਤਾ ਤੋਂ ਲਿਖਤੀ ਮਨਜ਼ੂਰੀ ਲੈ ਕੇ ਆਉਣਾ ਹੋਵੇਗਾ। ਜੰਮੂ ਦੀ ਰਣਬੀਰ ਹਾਇਰ ਸੈਕੰਡਰੀ ਸਕੂਲ 'ਚ ਥਰਮਲ ਚੈਕਿੰਗ ਤੋਂ ਬਾਅਦ ਸਟਾਫ਼ ਨੂੰ ਐਂਟਰੀ ਦਿੱਤੀ ਗਈ। ਇੱਥੋਂ ਦੀ ਸਕੂਲ ਪ੍ਰਿੰਸੀਪਲ ਨੇ ਕਿਹਾ,''ਅਸੀਂ ਸਕੂਲ 'ਚ ਸੈਨੀਟਾਈਜੇਸ਼ਨ ਕਰਵਾਇਆ ਹੈ। ਅਸੀਂ ਸਰਕਾਰ ਦੀ ਸਾਰੇ ਕੋਵਿਡ-19 ਐੱਸ.ਓ.ਪੀ. ਦਾ ਪਾਲਣ ਕਰਾਂਗੇ।'' ਕੇਂਦਰ ਦੀ ਐੱਸ.ਓ.ਪੀ. ਅਨੁਸਾਰ, ਸਕੂਲ 'ਚ ਜਗ੍ਹਾ-ਜਗ੍ਹਾ ਕੋਵਿਡ-19 ਨਾਲ ਜੁੜੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ।