ਪਛਾਣ ਲੁਕਾ ਕੇ ਕੁੜੀ ਨਾਲ ਵਿਆਹ ਕਰਨ 'ਤੇ ਹੁਣ ਹੋਵੇਗੀ ਜੇਲ੍ਹ, ਰੇਪ ਦੇ ਮਾਮਲਿਆਂ 'ਚ ਮਿਲੇਗੀ ਫਾਂਸੀ
Saturday, Aug 12, 2023 - 02:08 PM (IST)
ਨਵੀਂ ਦਿੱਲੀ (ਭਾਸ਼ਾ)- ਪਛਾਣ ਲੁਕਾ ਕੇ ਕਿਸੇ ਔਰਤ ਨਾਲ ਵਿਆਹ ਕਰਨ ਜਾਂ ਰੁਜ਼ਗਾਰ ਦੇ ਝੂਠੇ ਵਾਅਦੇ ਦੀ ਆੜ ਵਿਚ ਸਰੀਰਕ ਸਬੰਧ ਬਣਾਉਣ ਵਾਲੇ ਨੂੰ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਇਕ ਬਿੱਲ ਪੇਸ਼ ਕੀਤਾ ਗਿਆ, ਜਿਸ ਵਿਚ ਪਹਿਲੀ ਵਾਰ ਇਨ੍ਹਾਂ ਅਪਰਾਧਾਂ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਵਿਵਸਥਾ ਦਾ ਪ੍ਰਸਤਾਵ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 1860 ਦੇ ਇੰਡੀਅਨ ਪੀਨਲ ਕੋਡ (ਆਈਪੀਸੀ) ਨੂੰ ਬਦਲਣ ਲਈ ਲੋਕ ਸਭਾ ਵਿਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਬਿੱਲ ਪੇਸ਼ ਕੀਤਾ ਅਤੇ ਕਿਹਾ ਕਿ ਇਸ ਵਿਚ ਔਰਤਾਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਵਿਵਸਥਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸ਼ਾਹ ਨੇ ਕਿਹਾ,''ਇਸ ਬਿੱਲ 'ਚ ਔਰਤਾਂ ਵਿਰੁੱਧ ਅਪਰਾਧ ਅਤੇ ਉਨ੍ਹਾਂ ਦੇ ਸਾਹਮਣੇ ਆਉਣ ਵਾਲੀਆਂ ਕਈ ਸਮਾਜਿਕ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਹੈ। ਵਿਆਹ, ਨੌਕਰੀ, ਤਰੱਕੀ ਅਤੇ ਝੂਠੀ ਪਛਾਣ ਦੀ ਆੜ ਵਿਚ ਔਰਤਾਂ ਨਾਲ ਸਬੰਧ ਬਣਾਉਣਾ ਅਪਰਾਧ ਦੀ ਸ਼੍ਰੇਣੀ ਵਿਚ ਆਵੇਗਾ।''
ਇਹ ਵੀ ਪੜ੍ਹੋ : ਅਮਿਤ ਸ਼ਾਹ ਨੇ ਲੋਕ ਸਭਾ 'ਚ ਪੇਸ਼ ਕੀਤੇ ਤਿੰਨ ਬਿੱਲ, ਕਿਹਾ- ਗੁਲਾਮੀ ਦੀ ਨਿਸ਼ਾਨੀ ਮਿਟਾਵਾਂਗੇ
ਵਿਆਹ ਦੇ ਬਹਾਨੇ ਬਲਾਤਕਾਰ ਦਾ ਦਾਅਵਾ ਕਰਨ ਵਾਲੀਆਂ ਔਰਤਾਂ ਦੇ ਮਾਮਲਿਆਂ ਨਾਲ ਅਦਾਲਤਾਂ ਨਜਿੱਠਦੀਆਂ ਹਨ ਪਰ ਆਈਪੀਸੀ ਵਿਚ ਇਸ ਲਈ ਕੋਈ ਖਾਸ ਵਿਵਸਥਾ ਨਹੀਂ ਹੈ। ਇਸ ਬਿੱਲ ਦੀ ਹੁਣ ਸਥਾਈ ਕਮੇਟੀ ਵੱਲੋਂ ਜਾਂਚ ਕੀਤੀ ਜਾਵੇਗੀ। ਬਿੱਲ ਵਿਚ ਕਿਹਾ ਗਿਆ ਹੈ,“ਜਿਹੜਾ ਵੀ ਵਿਅਕਤੀ ਧੋਖੇ ਨਾਲ ਜਾਂ ਕਿਸੇ ਔਰਤ ਨਾਲ ਵਿਆਹ ਕਰਨ ਦੇ ਇਰਾਦੇ ਤੋਂ ਬਿਨਾਂ ਕਿਸੇ ਔਰਤ ਨਾਲ ਸਰੀਰਕ ਸਬੰਧ ਬਣਾਉਂਦਾ ਹੈ, ਅਜਿਹਾ ਜਿਨਸੀ ਸੰਬੰਧ ਬਲਾਤਕਾਰ ਦੇ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ ਪਰ ਹੁਣ ਇਸ ਨੂੰ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।'' ਫ਼ੌਜਦਾਰੀ ਮਾਮਲਿਆਂ ਦੀ ਸੀਨੀਅਰ ਵਕੀਲ ਸ਼ਿਲਪੀ ਜੈਨ ਨੇ ਕਿਹਾ ਕਿ ਇਹ ਵਿਵਸਥਾ ਲੰਮੇਂ ਸਮੇਂ ਤੋਂ ਪੈਂਡਿੰਗ ਸੀ ਅਤੇ ਇਸ ਤਰ੍ਹਾਂ ਦੀ ਵਿਵਸਥਾ ਦੀ ਅਣਹੋਂਦ ਕਾਰਨ ਮਾਮਲਿਆਂ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਸੀ ਅਤੇ ਦੋਹਾਂ ਪੱਖਾਂ ਵਲੋਂ ਕਈ ਵਿਆਖਿਆ ਦੇ ਵਿਕਲਪ ਖੁੱਲ੍ਹੇ ਸਨ। ਉੱਥੇ ਹੀ ਗ੍ਰਹਿ ਮੰਤਰੀ ਨੇ ਕਿਹਾ ਕਿ ਤੁਰੰਤ ਨਿਆਂ ਪ੍ਰਦਾਨ ਕਰਨ ਅਤੇ ਲੋਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਕ ਕਾਨੂੰਨੀ ਪ੍ਰਣਾਲੀ ਬਣਾਉਣ ਲਈ ਇਹ ਤਬਦੀਲੀ ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ,''ਸਮੂਹਿਕ ਜਬਰ ਜ਼ਿਨਾਹ ਦੇ ਸਾਰੇ ਮਾਮਲਿਆਂ 'ਚ 20 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋਵੇਗੀ। 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਜਬਰ ਜ਼ਿਨਾਹ ਦੇ ਮਾਮਲੇ 'ਚ ਮੌਤ ਦੀ ਸਜ਼ਾ ਤੈਅ ਕੀਤੀ ਗਈ ਹੈ।'' ਬਿੱਲ 'ਚ ਕਿਹਾ ਗਿਆ ਹੈ ਕਿ ਕਤਲ ਦੇ ਅਪਰਾਧ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਸਜ਼ਾ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8