ਵਿਆਹ ਸਮਾਰੋਹ 'ਚ ਪਸਰਿਆ ਮਾਤਮ, ਪਤੀ ਨੂੰ ਬਚਾਉਣ ਆਈ ਪਤਨੀ ਨੂੰ ਲੱਗੀ ਗੋਲੀ
Sunday, Mar 03, 2019 - 11:23 AM (IST)

ਨਵੀਂ ਦਿੱਲੀ— ਮੰਗੋਲਪੁਰੀ 'ਚ ਸ਼ਨੀਵਾਰ ਨੂੰ ਵਿਆਹ ਸਮਾਰੋਹ 'ਚ ਡੀ.ਜੇ. ਬੰਦ ਕਰਵਾਉਣ ਨੂੰ ਲੈ ਕੇ ਹੋਏ ਵਿਵਾਦ 'ਚ 2 ਭਰਾਵਾਂ ਨੇ ਇਕ ਨੌਜਵਾਨ 'ਤੇ ਗੋਲੀ ਚੱਲਾ ਦਿੱਤੀ। ਹਾਲਾਂਕਿ ਨੌਜਵਾਨ ਨੂੰ ਬਚਾਉਣ ਲਈ ਉਸ ਦੀ ਪਤਨੀ ਸਾਹਮਣੇ ਆ ਗਈ ਅਤੇ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸੁਨੀਤਾ (34) ਦੇ ਤੌਰ 'ਤੇ ਹੋਈ ਹੈ। ਮੰਗੋਲਪੁਰੀ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਹੈ।
10 ਵਜੇ ਤੋਂ ਬਾਅਦ ਵਜਾਇਆ ਡੀ.ਜੇ.
ਇਸ ਪੂਰੇ ਘਟਨਾਕ੍ਰਮ 'ਚ ਮਹੱਤਵਪੂਰਨ ਗੱਲ ਇਹ ਹੈ ਕਿ ਥਾਣੇ ਦੇ ਪਿੱਛੇ ਰਾਤ 10 ਵਜੇ ਤੋਂ ਬਾਅਦ ਵੀ ਡੀ.ਜੇ. ਵਜਦਾ ਰਿਹਾ। ਉੱਥੇ ਹੀ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਰਾਤ 10 ਵਜੇ ਤੋਂ ਬਾਅਦ ਕਿਤੇ ਵੀ ਲਾਊਡ ਸਪੀਕਰ ਨਹੀਂ ਵਜ ਸਕਦਾ। ਉੱਥੇ ਹੀ ਪੁਲਸ ਅਧਿਕਾਰੀਆਂ ਨੇ ਇਸ ਦੀ ਜਾਣਕੀਰ ਹੋਣ ਤੋਂ ਇਨਕਾਰ ਕੀਤਾ।
4 ਬੱਚਿਆਂ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਸੁਨੀਤਾ ਦੀ ਮੌਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਉਸ ਦੇ ਚਾਰ ਬੱਚਿਆਂ ਦਾ ਪਾਲਣ-ਪੋਸ਼ਣ ਕਿਸ ਤਰ੍ਹਾਂ ਹੋਵੇਗਾ। ਹੁਣ ਸੁਨੀਤਾ ਦੇ ਪਤੀ ਸੱਜਣ 'ਤੇ ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਆ ਗਈ ਹੈ। ਸੁਨੀਤਾ ਦੀ ਮੌਤ ਨਾਲ ਪਰਿਵਾਰ 'ਤੇ ਵੀ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।