ਬਰਾਤੀਆਂ ਦੀ ''ਫ਼ੁਕਰੀ ਨੇ ਲੈ ਲਈ ਮੁਟਿਆਰ ਦੀ ਜਾਨ ! ਵਿਆਹ ''ਚ ਚੱਲੀ ਗੋਲ਼ੀ ਕਾਰਨ ਹੋਈ ਬੇਵਕਤੀ ਮੌਤ

Tuesday, Nov 25, 2025 - 04:20 PM (IST)

ਬਰਾਤੀਆਂ ਦੀ ''ਫ਼ੁਕਰੀ ਨੇ ਲੈ ਲਈ ਮੁਟਿਆਰ ਦੀ ਜਾਨ ! ਵਿਆਹ ''ਚ ਚੱਲੀ ਗੋਲ਼ੀ ਕਾਰਨ ਹੋਈ ਬੇਵਕਤੀ ਮੌਤ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੇਰਠ 'ਚ ਪੈਂਦੇ ਲਿਸਾੜੀ ਗੇਟ ਇਲਾਕੇ ਵਿੱਚ ਇੱਕ ਵਿਆਹ ਸਮਾਰੋਹ ਦੌਰਾਨ ਚਲਾਈ ਗਈ ਗੋਲੀ ਕਾਰਨ 22 ਸਾਲਾ ਕੁੜੀ ਦੀ ਮੌਤ ਹੋ ਗਈ ਹੈ। 

ਪੁਲਸ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਨੂੰ ਸ਼ਿਆਮ ਨਗਰ 20-ਫੁੱਟਾ ਰੋਡ 'ਤੇ ਵਾਪਰੀ, ਜਦੋਂ ਅਕਸਾ ਨਾਂ ਦੀ ਕੁੜੀ, ਜੋ ਕਿ ਉਸੇ ਇਲਾਕੇ ਦੀ ਵਸਨੀਕ ਸੀ, ਆਪਣੇ ਘਰ ਦੀ ਛੱਤ 'ਤੇ ਖੜ੍ਹੀ ਹੋ ਕੇ ਗਲੀ 'ਚੋਂ ਲੰਘਦੀ ਬਰਾਤ ਨੂੰ ਵੇਖ ਰਹੀ ਸੀ। ਜਿਵੇਂ ਹੀ ਬਰਾਤ ਲੰਘ ਰਹੀ ਸੀ ਤਾਂ ਬਰਾਤ 'ਚ ਮੋਜੂਦ ਕਈ ਨੌਜਵਾਨਾਂ ਨੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਇਕ ਗੋਲ਼ੀ ਅਕਸਾ ਦੇ ਪੇਟ ਵਿੱਚ ਜਾ ਲੱਗੀ। 

ਪੁਲਸ ਨੇ ਦੱਸਿਆ ਕਿ ਅਕਸਾ ਨੂੰ ਤੁਰੰਤ ਬਾਗਪਤ ਰੋਡ 'ਤੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਿਟੀ ਪੁਲਿਸ ਸੁਪਰਡੈਂਟ ਆਯੂਸ਼ ਵਿਕਰਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਸੀ.ਸੀ.ਟੀ.ਵੀ. ਫੁਟੇਜ ਤੋਂ ਪਤਾ ਲੱਗਾ ਕਿ ਫਾਇਰਿੰਗ ਕਰਨ ਵਾਲਾ ਨੌਜਵਾਨ ਸਾਕਿਬ ਹੈ। 

ਅਧਿਕਾਰੀ ਨੇ ਦੱਸਿਆ ਕਿ ਸਾਕਿਬ ਨੂੰ ਉਸੇ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ, ਜਦਕਿ ਫਾਇਰਿੰਗ ਕਰਨ ਵਾਲੇ ਹੋਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਮ੍ਰਿਤਕਾ ਦੇ ਪਿਤਾ ਅਰਸ਼ਦ ਦੀ ਸ਼ਿਕਾਇਤ 'ਤੇ ਲਾੜੇ ਸੁਹੇਲ, ਉਸ ਦੇ ਭਰਾ ਸਾਕਿਬ, ਉਨ੍ਹਾਂ ਦੇ ਪਿਤਾ ਹਾਜੀ ਸ਼ਾਹਨਵਾਜ਼ ਅਤੇ 20-25 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ।


author

Harpreet SIngh

Content Editor

Related News