ਪਾਣੀ ਦੀ ਗੜਵੀ ਨਹੀਂ ਚੁੱਕ ਸਕਿਆ ਲਾੜਾ ਤਾਂ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ
Saturday, May 04, 2019 - 12:49 PM (IST)

ਲਖੀਮਪੁਰ ਖੀਰੀ— ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਕੋਤਵਾਲੀ ਖੇਤਰ ਦੇ ਇਕ ਪਿੰਡ ਵਿਚ ਲਾੜੀ ਨੂੰ ਵਿਆਹੁਣ ਆਏ ਲਾੜੇ ਨੂੰ ਬੇਰੰਗ ਵਾਪਸ ਪਰਤਣਾ ਪਿਆ। ਦਰਅਸਲ ਪਾਣੀ ਨਾਲ ਭਰੀ ਗੜਵੀ ਜਦੋਂ ਲਾੜਾ ਨਹੀਂ ਚੁੱਕ ਸਕਿਆ ਤਾਂ ਲਾੜੀ ਨੇ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਕਾਰਨ ਲਾੜੇ ਨੂੰ ਖਾਲੀ ਹੱਥ ਬਰਾਤ ਵਾਪਸ ਲੈ ਕੇ ਮੁੜਨਾ ਪਿਆ। ਓਧਰ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਥਾਣਾ ਮਿਤੌਲੀ ਖੇਤਰ ਦੇ ਰਹਿਣ ਵਾਲੇ ਲੜਕੇ ਨਾਲ ਤੈਅ ਕੀਤਾ ਸੀ।
ਵੀਰਵਾਰ ਨੂੰ ਕੁੜਮਾਣੀ ਹੋਈ ਸੀ ਅਤੇ ਅਗਲੇ ਦਿਨ ਬਰਾਤ ਪਿੰਡ ਪੁੱਜੀ। ਲੜਕੇ ਵਾਲੇ ਸਮੇਂ 'ਤੇ ਪਿੰਡ ਵਿਚ ਬਰਾਤ ਲੈ ਕੇ ਪਹੁੰਚ ਗਏ। ਜਦੋਂ ਬੂਹੇ ਬਰਾਤ ਆਈ ਤਾਂ ਦੁਆਰ ਪੂਜਨ ਦੇ ਸਮੇਂ ਪੰਡਤਾਂ ਨੇ ਲਾੜੇ ਨੂੰ ਗੜਵੀ ਚੁੱਕ ਕੇ 'ਜਲ ਛਿੜਕਣ' ਨੂੰ ਕਿਹਾ ਤਾਂ ਲਾੜਾ ਉਸ ਨੂੰ ਨਹੀਂ ਚੁੱਕ ਸਕਿਆ। ਇਸ ਕਾਰਨ ਉੱਥੇ ਮੌਜੂਦ ਔਰਤਾਂ ਨੂੰ ਵੀ ਸ਼ੱਕ ਹੋਇਆ। ਔਰਤਾਂ ਲਾੜੇ ਨੂੰ ਲੈ ਕੇ ਘਰ ਦੇ ਅੰਦਰ ਆਈਆਂ ਅਤੇ ਲਾੜੇ ਨੂੰ ਮੁੜ ਪਾਣੀ ਨਾਲ ਭਰੀ ਗੜਵੀ ਚੁੱਕਣ ਲਈ ਕਿਹਾ। ਲਾੜੇ ਨੇ ਕੋਸ਼ਿਸ਼ ਕੀਤੀ ਤਾਂ ਉਸ ਦੇ ਹੱਥ ਕੰਬਣ ਲੱਗ ਪਏ ਅਤੇ ਉਹ ਗੜਵੀ ਨਹੀਂ ਚੁੱਕ ਸਕਿਆ।
ਇਸ ਗੱਲ ਦੀ ਜਾਣਕਾਰੀ ਜਦੋਂ ਲਾੜੀ ਨੂੰ ਹੋਈ ਤਾਂ ਉਹ ਪਰੇਸ਼ਾਨੀ ਹੋ ਗਈ ਅਤੇ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਕਾਰਨ ਲੜਕੇ ਪੱਖ ਦੇ ਲੋਕਾਂ ਵਿਚ ਹੜਕੰਪ ਮਚ ਗਿਆ। ਕਾਫੀ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਲਾੜੀ ਵਿਆਹ ਲਈ ਤਿਆਰ ਨਹੀਂ ਹੋਈ ਤਾਂ ਮਾਮਲਾ ਥਾਣੇ ਪੁੱਜਾ। ਇੱਥੇ ਵੀ ਲਾੜੀ ਆਪਣੀ ਜ਼ਿੱਦ 'ਤੇ ਅੜੀ ਰਹੀ ਅਤੇ ਵਿਆਹ ਕੀਤੇ ਬਿਨਾਂ ਹੀ ਬਰਾਤ ਵਾਪਸ ਪਰਤ ਗਈ। ਇਹ ਘਟਨਾ ਖੇਤਰ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।