ਮਰਾਠਾ ਰਾਖਵਾਂਕਰਨ ਮਾਮਲਾ: ਜਰਾਂਗੇ 25 ਜਨਵਰੀ ਤੋਂ ਸ਼ੁਰੂ ਕਰਨਗੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ
Wednesday, Dec 18, 2024 - 05:14 AM (IST)
ਜਾਲਨਾ (ਭਾਸ਼ਾ) - ਸਮਾਜਿਕ ਕਾਰਕੁੰਨ ਮਨੋਜ ਜਰਾਂਗੇ (42) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਤਹਿਤ ਨੌਕਰੀਆਂ ਅਤੇ ਸਿੱਖਿਆ ਵਿਚ ਰਾਖਵਾਂਕਰਨ ਸਮੇਤ ਮਰਾਠਾ ਭਾਈਚਾਰੇ ਦੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਲਈ ਉਹ 25 ਜਨਵਰੀ, 2025 ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ।
ਜਰਾਂਗੇ ਨੇ ਜਾਲਨਾ ਦੇ ਅੰਤਰਵਾਲੀ ਸਰਾਟੀ ਪਿੰਡ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਮਰਾਠਾ ਭਾਈਚਾਰੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵਿਰੋਧ ਵਾਲੀ ਥਾਂ ’ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਜਰਾਂਗੇ ਉਸ ਡਰਾਫਟ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਦੀ ਮੰਗ ਕਰ ਰਹੇ ਹਨ, ਜੋ ਕੁਨਬੀਆਂ ਨੂੰ ਮਰਾਠਿਆਂ ਦੇ ‘ਸਗੇ ਸੋਯਾਰੇ’ (ਜਨਮ ਜਾਂ ਵਿਆਹ ਨਾਲ ਸਬੰਧਤ) ਵਜੋਂ ਮਾਨਤਾ ਦਿੰਦਾ ਹੈ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਤਹਿਤ ਨੌਕਰੀਆਂ ਅਤੇ ਸਿੱਖਿਆ ਵਿਚ ਰਾਖਵਾਂਕਰਨ ਪ੍ਰਦਾਨ ਕਰਦਾ ਹੈ।