ਸ਼੍ਰੀਨਗਰ ਤੋਂ ਅਮਰਨਾਥ ਗੁਫਾ ਲਈ ਛੜੀ ਮੁਬਾਰਕ ਦੀ ਅੰਤਿਮ ਯਾਤਰਾ ਸ਼ੁਰੂ
Monday, Aug 04, 2025 - 10:14 PM (IST)

ਸ਼੍ਰੀਨਗਰ, (ਕਮਲ)- ਸ਼੍ਰੀਨਗਰ ਤੋਂ ਸੋਮਵਾਰ ਨੂੰ ਪਵਿੱਤਰ ਅਮਰਨਾਥ ਗੁਫਾ ਲਈ ਛੜੀ ਮੁਬਾਰਕ ਦੀ ਅੰਤਿਮ ਯਾਤਰਾ ਸ਼ੁਰੂ ਹੋ ਗਈ ਹੈ। ਭਗਵਾਨ ਸ਼ਿਵ ਦੀ ਪਵਿੱਤਰ ਚਾਂਦੀ ਦੀ ਗਦਾ ‘ਛੜੀ ਮੁਬਾਰਕ’ ਲੈ ਕੇ ਮਹੰਤ ਦੀਪੇਂਦਰ ਗਿਰੀ ਸਾਧੂਆਂ ਦੇ ਇਕ ਸਮੂਹ ਨਾਲ ਅਮਰਨਾਥ ਗੁਫਾ ਲਈ ਰਵਾਨਾ ਹੋਏ।
ਭਾਵੇਂ ਇਸ ਸਾਲ ਦੀ ਅਮਰਨਾਥ ਯਾਤਰਾ ਭਾਰੀ ਮੀਂਹ ਕਾਰਨ ਇਕ ਹਫ਼ਤਾ ਪਹਿਲਾਂ ਹੀ ਸਮਾਪਤ ਹੋ ਗਈ ਹੈ, ਪਰ ਅਮਰਨਾਥ ਯਾਤਰਾ ਦੇ ਰਵਾਇਤੀ ਸਮਾਪਤੀ ਦਾ ਪ੍ਰਤੀਕ ਛੜੀ ਮੁਬਾਰਕ ਦੀ ਯਾਤਰਾ ਜਾਰੀ ਰਹੇਗੀ ਅਤੇ ਇਹ 9 ਅਗਸਤ ਨੂੰ ਸਾਉਣ ਮਹੀਨੇ ਦੀ ਪੂਰਨਮਾਸੀ ਵਾਲੇ ਦਿਨ ਪਵਿੱਤਰ ਗੁਫਾ ਤੱਕ ਪਹੁੰਚੇਗੀ। ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ਵਿਚ ਇਹ ਯਾਤਰਾ 9 ਅਗਸਤ ਨੂੰ ਰੱਖੜੀ ਵਾਲੇ ਦਿਨ ਅੰਤਿਮ ਦਰਸ਼ਨ ਕਰੇਗੀ ਜਿਸ ਨਾਲ ਯਾਤਰਾ ਦੀ ਸਮਾਪਤੀ ਹੋਵੇਗੀ। ਇਸ ਸਾਲ 4.10 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਦਰਸ਼ਨ ਕੀਤੇ। ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 9 ਅਗਸਤ ਨੂੰ ਖਤਮ ਹੋਵੇਗੀ।
ਰਵਾਨਾ ਹੋਣ ਤੋਂ ਪਹਿਲਾਂ ਦੀਪੇਂਦਰ ਗਿਰੀ ਨੇ ਕਿਹਾ ਕਿ ਯਾਤਰਾ ਦਸ਼ਨਾਮੀ ਅਖਾੜਾ ਸਥਿਤ ਸ਼੍ਰੀ ਅਮਰੇਸ਼ਵਰ ਮੰਦਰ ਤੋਂ ਸ਼ੁਰੂ ਹੁੰਦੀ ਹੈ। ਸੋਮਵਾਰ ਨੂੰ ਦਸ਼ਮੀ ਦਾ ਦਿਨ ਸ਼ੁੱਭ ਹੈ ਅਤੇ ਯਾਤਰਾ ਦਸ਼ਮੀ ਅਤੇ ਏਕਾਦਸ਼ੀ ਦੀ ਰਾਤ ਪਹਿਲਗਾਮ ਵੱਲ ਜਾਰੀ ਰਹੇਗੀ। 6 ਅਗਸਤ ਨੂੰ ਅਸੀਂ ਚੰਦਨਵਾੜੀ ਵਿਚ ਆਰਾਮ ਕਰਾਂਗੇ। ਫਿਰ 7 ਅਗਸਤ ਨੂੰ ਸ਼ੇਸ਼ਨਾਗ ਅਤੇ 8 ਅਗਸਤ ਨੂੰ ਪੰਚਤਰਨੀ ਦੀ ਯਾਤਰਾ ਕਰਾਂਗੇ। 9 ਅਗਸਤ ਨੂੰ ਸਾਉਣ ਦੀ ਪੂਰਨਮਾਸੀ ਨੂੰ ਗੁਫਾ ਵਿਚ ਛੜੀ ਮੁਬਾਰਕ ਸਥਾਪਤ ਕੀਤੀ ਜਾਵੇਗੀ ਅਤੇ ਪੂਜਾ ਹੋਵੇਗੀ। ਇਸ ਤੋਂ ਬਾਅਦ ਸਾਲਾਨਾ ਅਮਰਨਾਥ ਯਾਤਰਾ ਸਮਾਪਤ ਹੋਵੇਗੀ।