ਉੁਪ-ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ
Thursday, Aug 07, 2025 - 11:52 PM (IST)

ਨਵੀਂ ਦਿੱਲੀ, (ਭਾਸ਼ਾ)- ਚੋਣ ਕਮਿਸ਼ਨ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ 22 ਅਗਸਤ ਨੂੰ ਕੀਤੀ ਜਾਵੇਗੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 25 ਅਗਸਤ ਹੈ।
ਜ਼ਿਕਰਯੋਗ ਹੈ ਕਿ ਜਗਦੀਪ ਧਨਖੜ ਦੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਚਾਨਕ ਅਸਤੀਫਾ ਦੇਣ ਤੋਂ ਬਾਅਦ 21 ਜੁਲਾਈ ਨੂੰ ਇਹ ਅਹੁਦਾ ਖਾਲੀ ਹੋ ਗਿਆ ਸੀ। ਧਨਖੜ ਦਾ ਕਾਰਜਕਾਲ ਅਗਸਤ, 2027 ਵਿਚ ਖਤਮ ਹੋਣਾ ਸੀ।
ਸੰਵਿਧਾਨ ਦੇ ਅਨੁਸਾਰ, ਉਪ-ਰਾਸ਼ਟਰਪਤੀ ਦੀ ਚੋਣ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਦੇ ਅਨੁਸਾਰ ਸਿੰਗਲ ਟ੍ਰਾਂਜ਼ਿਟਿਵ ਵੋਟ ਰਾਹੀਂ ਕੀਤੀ ਜਾਵੇਗੀ ਅਤੇ ਗੁਪਤ ਵੋਟਿੰਗ ਰਾਹੀਂ ਹੋਵੇਗੀ। ਇਸ ਪ੍ਰਣਾਲੀ ਵਿਚ ਵੋਟਰ ਨੂੰ ਉਮੀਦਵਾਰਾਂ ਦੇ ਨਾਵਾਂ ਦੇ ਸਾਹਮਣੇ ਆਪਣੀਆਂ ਤਰਜੀਹਾਂ ਦਰਜ ਕਰਨੀਆਂ ਹੁੰਦੀਆਂ ਹਨ।
ਉਪ-ਰਾਸ਼ਟਰਪਤੀ ਦੇਸ਼ ਦਾ ਦੂਜਾ ਸਰਵਉੱਚ ਸੰਵਿਧਾਨਕ ਅਹੁਦਾ ਹੈ। ਉਪ-ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ ਪਰ ਕਾਰਜਕਾਲ ਖਤਮ ਹੋਣ ਦੇ ਬਾਵਜੂਦ ਉਹ ਓਦੋਂ ਤੱਕ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ ਜਦੋਂ ਤੱਕ ਕਿ ਉਸਦਾ ਉੱਤਰਾਧਿਕਾਰੀ ਅਹੁਦਾ ਸੰਭਾਲ ਨਾ ਲਵੇ।