ਹਿਮਾਚਲ ''ਚ ਜ਼ਮੀਨ ਖਿਸਕਣ ਕਾਰਨ ਕਈ ਰਾਹ ਬੰਦ, ਲੋਕ ਹੋ ਰਹੇ ਪਰੇਸ਼ਾਨ
Wednesday, Aug 02, 2023 - 01:58 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਦੇ ਮਾਮਲੇ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਦੇ ਕਾਰਨ ਕਈ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਕਈ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦੇਸ਼ 'ਚ ਨੈਸ਼ਨਲ ਹਾਈਵੇਅ-5 ਕਾਲਕਾ-ਸ਼ਿਮਲਾ ਜ਼ਮੀਨ ਖਿਸਕਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਸੋਲਨ ਵਿਚ ਜ਼ਿਲ੍ਹਾ ਐਮਰਜੈਂਸੀ ਓਪਰੇਸ਼ਨ ਸੈਂਟਰ ਨੇ ਨੈਸ਼ਨਲ ਹਾਈਵੇਅ-5, ਸ਼ਿਮਲਾ ਤੋਂ ਕਾਲਕਾ ਰੋਡ 'ਤੇ ਕੋਟੀ 'ਚ ਜ਼ਮੀਨ ਖਿਸਕਣ ਦੀ ਘਟਨਾ ਦੀ ਸੂਚਨਾ ਦਿੱਤੀ ਹੈ, ਜਿਸ ਕਾਰਨ ਹਾਈਵੇਅ ਪੂਰੀ ਤਰ੍ਹਾਂ ਬਲਾਕ ਹੋ ਗਿਆ। ਅੱਜ ਸਵੇਰੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਠੱਪ ਹੋ ਗਈ ਅਤੇ ਯਾਤਰੀ ਫਸੇ ਰਹਿ ਗਏ।
ਜ਼ਿਕਰਯੋਗ ਹੈ ਕਿ ਹਿਮਾਚਲ 'ਚ ਜ਼ਮੀਨ ਖਿਸਕਣ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। 13 ਜੁਲਾਈ ਨੂੰ ਵੀ ਭਾਰੀ ਮਲਬਾ ਆਉਣ ਕਾਰਨ ਰਾਹ ਬੰਦ ਹੋ ਗਿਆ ਸੀ। ਮਲਬਾ ਹਟਾਉਣ ਲਈ ਰਾਹ ਕੁਝ ਸਮੇਂ ਲਈ ਬੰਦ ਰੱਖਿਆ ਗਿਆ ਸੀ। ਉੱਥੇ ਹੀ ਸ਼ਿਮਲਾ ਪੁਲਸ ਨੇ ਸਾਰਿਆਂ ਨੂੰ ਸੂਚਿਤ ਕੀਤਾ ਕਿ ਚੰਡੀਗੜ੍ਹ-ਸ਼ਿਮਲਾ ਹਾਈਵੇਅ ਪਰਵਾਣੂ ਖੇਤਰ ਵਿਚ ਚੱਕੀ ਮੋੜ 'ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ। ਕ੍ਰਿਪਾ ਕਰ ਕੇ ਬਦਲਵੇਂ ਟ੍ਰੈਫਿਕ ਪਲਾਨ ਦਾ ਪਾਲਣ ਕਰੋ। ਹਾਈਵੇਅ ਤੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ, ਜੋ ਹਾਈਵੇਅ ਖੁੱਲ੍ਹਣ 'ਤੇ ਸੂਚਿਤ ਕਰ ਦਿੱਤਾ ਜਾਵੇਗਾ।