CM ਖੱਟੜ ਨੇ ਰਾਜਪਾਲ ਨੂੰ ਦਿੱਤਾ ਅਸਤੀਫਾ, ਨਵੀਂ ਸਰਕਾਰ ਬਣਾਉਣ ਲਈ ਪੇਸ਼ ਕੀਤਾ ਦਾਅਵਾ

Saturday, Oct 26, 2019 - 03:25 PM (IST)

CM ਖੱਟੜ ਨੇ ਰਾਜਪਾਲ ਨੂੰ ਦਿੱਤਾ ਅਸਤੀਫਾ, ਨਵੀਂ ਸਰਕਾਰ ਬਣਾਉਣ ਲਈ ਪੇਸ਼ ਕੀਤਾ ਦਾਅਵਾ

ਚੰਡੀਗੜ੍ਹ—ਮਨੋਹਰ ਲਾਲ ਖੱਟੜ ਲਗਾਤਾਰ ਦੂਜੀ ਵਾਰ ਹਰਿਆਣਾ 'ਚ ਮੁੱਖ ਮੰਤਰੀ ਬਣਨਗੇ। ਦੱਸ ਦੇਈਏ ਕਿ ਮਨੋਹਰ ਲਾਲ ਖੱਟੜ ਨੇ ਹਰਿਆਣਾ ਦੇ ਰਾਜਪਾਲ ਸਤਿਆਦੇਵ ਨਰਾਇਣ ਆਰੀਆਂ ਨਾਲ ਸ਼ਨੀਵਾਰ ਦੁਪਹਿਰ ਨੂੰ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਦੌਰਾਨ ਜੇ.ਜੇ.ਪੀ ਨੇਤਾ ਦੁਸ਼ਯੰਤ ਚੌਟਾਲਾ ਵੀ ਮਨੋਹਰ ਲਾਲ ਖੱਟੜ ਨਾਲ ਮੌਜੂਦ ਰਹੇ। ਰਾਜਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਖੱਟੜ ਨੇ ਕਿਹਾ ਕਿ ਅਸੀਂ ਹਰਿਆਣਾ 'ਚ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕਰਦੇ ਹੋਏ ਕਿਹਾ ਹੈ ਕਿ ਮੈਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਕੱਲ ਦੁਪਹਿਰ ਰਾਜ ਭਵਨ 'ਚ ਸਹੁੰ ਚੁੱਕ ਸਮਾਗਮ ਹੋਵੇਗਾ। ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣਗੇ।

ਦੱਸਣਯੋਗ ਹੈ ਕਿ ਖੱਟੜ ਸ਼ਨੀਵਾਰ ਸਵੇਰਸਾਰ ਨਵੀਂ ਦਿੱਲੀ ਤੋਂ ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਸ਼ਾਮਲ ਹੋਣ ਲਈ ਚੰਡੀਗੜ੍ਹ ਪਹੁੰਚੇ, ਜਿਸ 'ਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਸ਼ਾਮਲ ਹੋਏ। ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਭਾਜਪਾ ਸੂਬੇ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਉਹ ਰਾਜਪਾਲ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।

ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਭਾਜਪਾ ਦੇ ਸਾਰੇ 40 ਵਿਧਾਇਕਾਂ ਨੇ ਸਰਵ ਸੰਮਤੀ ਨਾਲ ਉਨ੍ਹਾਂ ਨੂੰ ਆਪਣੇ ਨੇਤਾ ਚੁਣਿਆ ਹੈ। ਉਨ੍ਹਾਂ ਨੇ ਕਿਹਾ, ''ਮੈਂ ਉਨ੍ਹਾਂ ਸਾਰਿਆਂ ਵਿਧਾਇਕਾਂ ਅਤੇ ਹਰਿਆਣਾ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜੋ ਸਾਨੂੰ ਸਹਿਯੋਗ ਦੇ ਰਹੇ ਹਨ। ਇਸ ਦੇ ਨਾਲ ਸਾਰਿਆਂ ਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਮੈਂ ਅਗਲੇ ਪੰਜ ਸਾਲਾਂ ਤੱਕ ਉਨ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਚਲਾਂਗਾ ਅਤੇ ਸਾਡੇ ਸੂਬੇ ਹਰਿਆਣਾ ਦੀ ਬਿਹਤਰੀ ਅਤੇ ਉੱਨਤੀ ਲਈ ਅਸੀਂ ਸਾਰਿਆਂ ਨਾਲ ਮਿਲ ਕੇ ਕੰਮ ਕਰਾਂਗੇ।''


author

Iqbalkaur

Content Editor

Related News