''ਮਨ ਕੀ ਬਾਤ'' ''ਚ PM ਮੋਦੀ ਨੇ ਦੇਸ਼ ਵਾਸੀਆਂ ਨੂੰ ਕੀਤੀ ਖ਼ਾਸ ਅਪੀਲ

07/30/2023 12:22:25 PM

ਨਵੀਂ ਦਿੱਲੀ- ਪਾਣੀ ਦੀ ਸੰਭਾਲ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਇਨ੍ਹਾਂ ਮੁਹਿੰਮਾਂ 'ਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਆਲ ਇੰਡੀਆ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 103ਵੇਂ ਐਪੀਸੋਡ 'ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਸਾਵਣ ਦੇ ਅਧਿਆਤਮਕ ਅਤੇ ਸੱਭਿਆਚਾਰਕ ਮਹੱਤਵ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਾਰਨ ਦੇਸ਼ ਦੇ ਜਯੋਤਿਰਲਿੰਗਾਂ 'ਚ ਵੀ ਸ਼ਰਧਾਲੂਆਂ ਦੀ ਭਾਰੀ ਭੀੜ ਹੈ। ਬਰਸਾਤ ਦਾ ਇਹ ਸਮਾਂ ਰੁੱਖ ਲਾਉਣ ਅਤੇ ਪਾਣੀ ਦੀ ਸੰਭਾਲ ਲਈ ਓਨਾਂ ਹੀ ਜ਼ਰੂਰੀ ਹੁੰਦਾ ਹੈ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੌਰਾਨ ਬਣਾਏ ਗਏ 60 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰਾਂ 'ਚ ਵੀ ਰੌਣਕ ਵਧ ਗਈ ਹੈ। ਫਿਲਹਾਲ 50 ਹਜ਼ਾਰ ਤੋਂ ਵੱਧ ਅੰਮ੍ਰਿਤ ਸਰੋਵਰ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ਦੇ ਪਕਰੀਆ ਪਿੰਡ ਵਿੱਚ ਆਦਿਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ 100 ਖੂਹਾਂ ਦੇ ਪੁਨਰ ਵਿਕਾਸ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ ਦਿਨ ਵਿੱਚ 30 ਕਰੋੜ ਰੁੱਖ ਲਗਾਉਣ ਦੇ ਰਿਕਾਰਡ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਨ-ਜਾਗਰੂਕਤਾ ਦੇ ਨਾਲ-ਨਾਲ ਜਨ ਭਾਗੀਦਾਰੀ ਦੀਆਂ ਵੱਡੀਆਂ ਮਿਸਾਲਾਂ ਹਨ। ਮੋਦੀ ਨੇ ਕਿਹਾ, ''ਮੈਂ ਚਾਹਾਂਗਾ ਕਿ ਅਸੀਂ ਸਾਰੇ ਰੁੱਖ ਲਗਾਉਣ ਅਤੇ ਪਾਣੀ ਬਚਾਉਣ ਦੇ ਇਨ੍ਹਾਂ ਯਤਨਾਂ ਦਾ ਹਿੱਸਾ ਬਣੀਏ। ਸਾਵਣ ਮਹੀਨੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀ ਆਸਥਾ ਅਤੇ ਪਰੰਪਰਾਵਾਂ ਦਾ ਇੱਕ ਹੋਰ ਪਹਿਲੂ ਹੈ ਜੋ ਜੀਵਨ ਨੂੰ ਗਤੀਸ਼ੀਲ ਬਣਾਉਂਦਾ ਹੈ। ਸਾਵਣ ਕਾਰਨ ਇਨ੍ਹੀਂ ਦਿਨੀਂ 12 ਜਯੋਤਿਰਲਿੰਗਾਂ 'ਤੇ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ।


ਅਮਰਨਾਥ ਗੁਫਾ ਦੇ ਦਰਸ਼ਨ ਕਰਨ ਗਏ ਦੋ ਅਮਰੀਕੀ ਨਾਗਰਿਕਾਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਹਰ ਕਿਸੇ ਨੂੰ ਸਵੀਕਾਰ ਕਰਦਾ ਹੈ, ਕੁਝ ਨਾ ਕੁਝ ਦਿੰਦਾ ਹੈ। ਇਸ ਸਿਲਸਿਲੇ ਵਿਚ ਪ੍ਰਧਾਨ ਮੰਤਰੀ ਨੇ ਪੈਰਿਸ 'ਚ 100 ਸਾਲਾ ਫਰਾਂਸੀਸੀ ਔਰਤ ਸ਼ਾਰਲੋਟ ਸ਼ੋਪਾ ਨਾਲ ਆਪਣੀ ਮੁਲਾਕਾਤ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਉਹ ਇਸ ਉਮਰ ਵਿਚ ਵੀ ਯੋਗਾ ਕਰਦੀ ਹੈ ਅਤੇ ਇਸਨੂੰ ਆਪਣੀ ਚੰਗੀ ਸਿਹਤ ਦਾ ਕਾਰਨ ਮੰਨਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਆਓ ਅਸੀਂ ਨਾ ਸਿਰਫ ਆਪਣੀ ਵਿਰਾਸਤ ਨੂੰ ਅਪਣਾਈਏ, ਸਗੋਂ ਇਸ ਨੂੰ ਜ਼ਿੰਮੇਵਾਰੀ ਨਾਲ ਦੁਨੀਆ ਦੇ ਸਾਹਮਣੇ ਪੇਸ਼ ਕਰੀਏ। ਆਪਣੀਆਂ ਪਰੰਪਰਾਵਾਂ, ਆਪਣੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਸਾਨੂੰ ਇਨ੍ਹਾਂ ਨੂੰ ਬਚਾਉਣਾ ਪਵੇਗਾ, ਇਨ੍ਹਾਂ ਨੂੰ ਜੀਉਣਾ ਪਵੇਗਾ, ਅਗਲੀ ਪੀੜ੍ਹੀ ਨੂੰ ਪੜ੍ਹਾਉਣਾ ਪਵੇਗਾ।
 


Tanu

Content Editor

Related News