ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ’ਚ ਸਭ ਤੋਂ ਪਿਛਲੀ ਕਤਾਰ ’ਚ ਬਿਠਾਉਣ ’ਤੇ ਉੱਠੇ ਸਵਾਲ

Friday, Feb 10, 2023 - 01:20 PM (IST)

ਡਾ. ਮਨਮੋਹਨ ਸਿੰਘ ਨੂੰ ਰਾਜ ਸਭਾ ’ਚ ਸਭ ਤੋਂ ਪਿਛਲੀ ਕਤਾਰ ’ਚ ਬਿਠਾਉਣ ’ਤੇ ਉੱਠੇ ਸਵਾਲ

ਨਵੀਂ ਦਿੱਲੀ– ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ. ਮਨਮੋਹਨ ਸਿੰਘ ਰਾਜ ਸਭਾ ’ਚ ਅੱਗੇ ਦੀ ਕਤਾਰ ’ਚ ਨਹੀਂ, ਸਗੋਂ ਸਭ ਤੋਂ ਪਿੱਛੇ ਬੈਠ ਰਹੇ ਹਨ। ਅਜਿਹਾ ਉਨ੍ਹਾਂ ਦੀ ਬੇਨਤੀ ’ਤੇ ਤੁਰਨ ਵਿਚ ਪ੍ਰੇਸ਼ਾਨੀ ਕਾਰਨ ਉਨ੍ਹਾਂ ਦੀ ਵ੍ਹੀਲਚੇਅਰ ਲਈ ਕੀਤਾ ਗਿਆ ਹੈ। ਦਿਵਿਆਂਗ ਅਧਿਕਾਰ ਵਰਕਰਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਵੀ ਸਹੀ ਨਹੀਂ। ਸਾਬਕਾ ਪ੍ਰਧਾਨ ਮੰਤਰੀ ਦੀ ਸੀਟ ਪਿੱਛੇ ਕਰਨ ਦੀ ਬਜਾਏ ਸਦਨ ਨੂੰ ਡਿਸਏਬਲ ਫ੍ਰੈਂਡਲੀ ਬਣਾਇਆ ਜਾਣਾ ਚਾਹੀਦਾ ਹੈ।

ਕਾਂਗਰਸ ਨਾਲ ਜੁੜੇ ਨੇਤਾਵਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਖੁਦ ਸੀਟ ਬਦਲਣ ਦੀ ਬੇਨਤੀ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਅਗਲੀ ਕਤਾਰ ਤਕ ਪਹੁੰਚਣ ’ਚ ਪ੍ਰੇਸ਼ਾਨੀ ਆ ਰਹੀ ਸੀ। ਇਸ ਲਈ ਉਨ੍ਹਾਂ ਦੀ ਸੀਟ ਹੁਣ ਪਿਛਲੀ ਕਤਾਰ ਵਿਚ ਬਿਲਕੁਲ ਗਲਿਆਰੇ ਨੇੜੇ ਸ਼ਿਫਟ ਕਰਵਾ ਦਿੱਤੀ ਗਈ ਹੈ। ਉੱਥੋਂ ਤਕ ਵ੍ਹੀਲਚੇਅਰ ਆਸਾਨੀ ਨਾਲ ਲਿਆਂਦੀ ਜਾ ਸਕਦੀ ਹੈ।

ਪਹਿਲੀ ਕਤਾਰ ’ਚ ਹੁਣ ਕਾਂਗਰਸ ਵੱਲੋਂ ਰਾਜ ਸਭਾ ਵਿਚ ਪੀ. ਚਿਦਾਂਬਰਮ ਤੇ ਦਿਗਵਿਜੇ ਸਿੰਘ ਨਜ਼ਰ ਆਉਂਦੇ ਹਨ। ਡਾ. ਮਨਮੋਹਨ ਸਿੰਘ ਵੱਲੋਂ ਪਿਛਲੇ ਸੈਸ਼ਨ ਵਿਚ ਵੀ ਸੀਟ ਬਦਲਣ ਦੀ ਮੰਗ ਕੀਤੀ ਗਈ ਸੀ ਪਰ ਉਸ ਵੇਲੇ ਸੀਟ ਨਹੀਂ ਬਦਲੀ ਜਾ ਸਕੀ ਸੀ। ਵਿਰੋਧੀ ਧਿਰ ਦੀ ਅਗਲੀ ਕਤਾਰ ’ਚ ਹੁਣ ਜਨਤਾ ਦਲ (ਐੱਸ.) ਦੇ ਐੱਚ. ਡੀ. ਦੇਵੇਗੌੜਾ, ਆਪ ਦੇ ਸੰਜੇ ਸਿੰਘ, ਰਾਜਦ ਦੇ ਪ੍ਰੇਮਚੰਦ ਗੁਪਤਾ, ਤ੍ਰਿਣਮੂਲ ਦੇ ਡੇਰੇਕ ਓ ਬ੍ਰਾਇਨ, ਡੀ. ਐੱਮ. ਕੇ. ਦੇ ਤਿਰੁਚੀ ਸ਼ਿਵਾ ਤੇ ਬੀ. ਆਰ. ਐੱਸ. ਦੇ ਕੇ. ਕੇਸ਼ਵਰਾਓ ਬੈਠਦੇ ਨਜ਼ਰ ਆਉਂਦੇ ਹਨ।

ਦਿਵਿਆਂਗ ਅਧਿਕਾਰ ਵਰਕਰ ਉਠਾ ਰਹੇ ਹਨ ਸਵਾਲ

ਡਾ. ਮਨਮੋਹਨ ਸਿੰਘ ਨੂੰ ਪਿਛਲੀ ਕਤਾਰ ’ਚ ਸ਼ਿਫਟ ਕਰਨ ’ਤੇ ਦਿਵਿਆਂਗ ਅਧਿਕਾਰ ਵਰਕਰ ਸਵਾਲ ਉਠਾ ਰਹੇ ਹਨ। ਐਡਵੋਕੇਟ ਤੇ ਡਿਸਏਬਿਲਿਟੀ ਰਾਈਟਸ ਵਰਕਰ ਅੰਜਲੀ ਅਗਰਵਾਲ ਦਾ ਕਹਿਣਾ ਹੈ ਕਿ ਦਿਵਿਆਂਗਾਂ ਲਈ ਸਿਰਫ ਟਾਇਲਟ ਤੇ ਰੈਂਪ ਬਣਾ ਦੇਣਾ ਹੀ ਕਾਫੀ ਨਹੀਂ। ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਹ ਵਰਤੋਂ ਦੇ ਲਾਇਕ ਹੋਣ। ਸੰਸਦ ਦੇ ਥਰਡ ਪਾਰਟੀ ਆਡਿਟ ਵਿਚ ਸ਼ਾਮਲ ਰਹੀ ਅੰਜਲੀ ਦਾ ਕਹਿਣਾ ਹੈ ਕਿ ਇਹ ਵੇਖਿਆ ਗਿਆ ਹੈ ਕਿ ਸੰਸਦ ਕੰਪਲੈਕਸ ਦੇ ਟਾਇਲਟ ਅਜਿਹੇ ਹਨ ਜਿੱਥੇ ਵ੍ਹੀਲਚੇਅਰ ਆਸਾਨੀ ਨਾਲ ਨਹੀਂ ਘੁੰਮ ਸਕਦੀ। ਫਰਸ਼ ਤਿਲਕਣ ਵਾਲੇ ਹਨ, ਦਰਵਾਜ਼ਿਆਂ ਦੇ ਹੱਥੇ ਜ਼ਿਆਦਾ ਉਚਾਈ ’ਤੇ ਲੱਗੇ ਹਨ। ਯੂਨੀਵਰਸਿਟੀ ਕਾਲਜ ਆਫ ਮੈਡੀਕਲ ਸਾਇੰਸਿਜ਼ ਦੇ ਪ੍ਰੋਫੈਸਰ ਡਾ. ਸਤਯੇਂਦਰ ਸਿੰਘ ਦਾ ਕਹਿਣਾ ਹੈ ਕਿ ਸੰਸਦ ਜਾਂ ਵਿਧਾਨ ਸਭਾ ਨੂੰ ਡਿਸਏਬਲ ਫਰੈਂਡਲੀ ਬਣਾਉਣ ਦੀ ਜਗ੍ਹਾ ਮੈਂਬਰਾਂ ਨੂੰ ਪਿਛਲੀ ਕਤਾਰ ’ਚ ਸ਼ਿਫਟ ਕਰਨਾ ਕੋਈ ਚੰਗੀ ਗੱਲ ਨਹੀਂ।


author

Rakesh

Content Editor

Related News