ਗੁਰਦੁਆਰਾ ਕੰਪਲੈਕਸ ’ਚ ਕਿਸਾਨਾਂ ਨੂੰ ਹਿਰਾਸਤ ’ਚ ਲੈਣ ’ਤੇ ਜੀ. ਕੇ. ਨੇ ਸਿਰਸਾ ਨੂੰ ਚਿੱਠੀ ਲਿਖ ਮੰਗਿਆ ਜਵਾਬ

Thursday, Jul 08, 2021 - 06:42 PM (IST)

ਗੁਰਦੁਆਰਾ ਕੰਪਲੈਕਸ ’ਚ ਕਿਸਾਨਾਂ ਨੂੰ ਹਿਰਾਸਤ ’ਚ ਲੈਣ ’ਤੇ ਜੀ. ਕੇ. ਨੇ ਸਿਰਸਾ ਨੂੰ ਚਿੱਠੀ ਲਿਖ ਮੰਗਿਆ ਜਵਾਬ

ਨਵੀਂ ਦਿੱਲੀ— ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਕੰਪਲੈਕਸ ’ਚ 1 ਜੁਲਾਈ 2021 ਨੂੰ ਦਿੱਲੀ ਪੁਲਸ ਵਲੋਂ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੇ ਮਾਮਲੇ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ‘ਜਾਗੋ’ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਮਸਲੇ ’ਤੇ ਹਿਰਾਸਤ ’ਚ ਲਏ ਗਏ ਕਿਸਾਨਾਂ ਨਾਲ ਅੱਜ ‘ਜਾਗੋ’ ਪਾਰਟੀ ਦਫ਼ਤਰ ’ਚ ਮੁਲਾਕਾਤ ਕੀਤੀ। ਇਸ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕੀਤੇ। 

ਸਿਰਸਾ ਨੂੰ ਚਿੱਠੀ ਲਿਖ ਕੇ ਕੀਤੇ 10 ਸਵਾਲ—
ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਲਿਖੀ ਚਿੱਠੀ ’ਚ ਜੀ. ਕੇ. ਨੇ ਸਿਰਸਾ ਨੂੰ 10 ਸਵਾਲ ਪੁੱਛੇ ਹਨ। ਜੀ. ਕੇ. ਨੇ ਸਿਰਸਾ ਤੋਂ ਪੁੱਛਿਆ ਹੈ ਕਿ ਪੁਲਸ ਨੂੰ ਗੁਰਦੁਆਰਾ ਕੰਪਲੈਕਸ ਵਿਚ ਆਉਣ ਅਤੇ ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੀ ਮਨਜ਼ੂਰੀ ਕਿਸ ਨੇ ਦਿੱਤੀ ਸੀ? ਕੀ ਗੁਰਦੁਆਰਾ ਕੰਪਲੈਕਸ ’ਚ ਵੀ ਧਾਰਾ-144 ਲਾਗੂ ਹੋ ਗਈ ਹੈ? ਕਿਸਾਨਾਂ ਦੀ ਗੁਰਦੁਆਰਾ ਕੰਪਲੈਕਸ ਤੋਂ ਗਿ੍ਰਫ਼ਤਾਰੀ ਦੇ 7 ਦਿਨ ਬਾਅਦ ਤੁਸੀਂ ਚੁੱਪ ਕਿਉਂ ਹੋ? ਪੁਲਸ ਨੇ ਬੱਚਿਆਂ ਨੂੰ ਦਬੋਚ ਕੇ ਬੱਸਾਂ ਵਿਚ ਭਰਿਆ, ਕੀ ਤੁਸੀਂ ਪੁਲਸ ਦੇ ਉੱਚ ਅਧਿਕਾਰੀਆਂ ਜਾਂ ਸਰਕਾਰ ਦੇ ਸਾਹਮਣੇ ਇਸ ਮਾਮਲੇ ਨੂੰ ਚੁੱਕਿਆ? ਦਿੱਲੀ ਕਮੇਟੀ ਦਫ਼ਤਰ ਵਿਚ ਕਿਸਾਨਾਂ ਦੇ ਆਉਣ ਦੀ ਸੂਚਨਾ ਪੁਲਸ ਨੂੰ ਕੌਣ ਦਿੰਦਾ ਹੈ? ਦਿੱਲੀ ਪੁਲਸ ਕਿਸ ਤਰ੍ਹਾਂ ਕਮੇਟੀ ਦਫ਼ਤਰ ਵਿਚ ਸੰਗਤ ਨੂੰ ਆਉਣ ਤੋਂ ਰੋਕ ਸਕਦੀ ਹੈ? ਗੁਰਦੁਆਰਾ ਰਕਾਬਗੰਜ ਸਾਹਿਬ ਦਾ ਮੁੱਖ ਦੁਆਰ ਬੰਦ ਕਰਨ ਦੀ ਮਨਜ਼ੂਰੀ ਦਿੱਲੀ ਪੁਲਸ ਨੂੰ ਤੁਸੀਂ ਕਿਉਂ ਦਿੱਤੀ? ਦਿੱਲੀ ਪੁਲਸ ਵਲੋਂ ਬੱਚਿਆਂ ਨੂੰ ਹਿਰਾਸਤ ’ਚ ਲੈਣ ਦੀ ਰਾਸ਼ਟਰੀ ਬਾਲ ਅਧਿਕਾਰ ਕਮਿਸ਼ਨ ਵਿਚ ਦਿੱਲੀ ਕਮੇਟੀ ਨੇ ਸ਼ਿਕਾਇਤ ਕਿਉਂ ਨਹੀਂ ਦਿੱਤੀ? ਤੁਸੀਂ ਕਿਸਾਨਾਂ ਨਾਲ ਹੋ ਜਾਂ ਪੁਲਸ ਨਾਲ?

ਰਕਾਬਗੰਜ ਸਾਹਿਬ ਕੰਪਲੈਕਸ ਦੀ ਇਕ ਵੀਡੀਓ ਹੋਈ ਸੀ ਵਾਇਰਲ—
ਜੀ. ਕੇ. ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨ ਕੁਝ ਕਿਸਾਨ ਪਰਿਵਾਰਾਂ ਨੂੰ ਬੱਚਿਆਂ ਸਮੇਤ ਫ਼ੜ੍ਹ ਕੇ ਬੱਸਾਂ ’ਚ ਡੱਕ ਰਹੇ ਸਨ। ਇਹ ਘਟਨਾ 1 ਜੁਲਾਈ 2021 ਦੀ ਦੱਸੀ ਜਾ ਰਹੀ ਹੈ। ਅੱਜ ਇਨ੍ਹਾਂ ’ਚੋਂ ਕੁਝ ਲੋਕ ਸਾਡੇ ਕੋਲ ਪਹੁੰਚੇ ਅਤੇ ਦਾਅਵਾ ਕੀਤਾ ਕਿ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ’ਚ 1 ਜੁਲਾਈ 2021 ਨੂੰ ਹਿਰਾਸਤ ’ਚ ਲੈ ਕੇ ਕੁਝ ਘੰਟਿਆਂ ਬਾਅਦ ਨਾਂ, ਪਤਾ ਲਿਖ ਕੇ ਛੱਡ ਦਿੱਤਾ ਸੀ। ਜਦਕਿ ਉਨ੍ਹਾਂ ਨੇ ਸੰਸਦਾ ਮਾਰਗ ਸਥਿਤ ਡੀ. ਸੀ. ਪੀ. ਦਫ਼ਤਰ ਵਿਚ ਜੰਤਰ-ਮੰਤਰ ਤੋਂ ਸੰਸਦ ਭਵਨ ਤੱਕ ਮਾਰਚ ਕੱਢਣ ਲਈ ਆਗਿਆ ਪੱਤਰ ਲਿਖਤੀ ਵਿਚ ਦਿੱਤਾ ਹੋਇਆ ਸੀ। 

ਪੁਲਸ ਨੇ ਬੰਦ ਕੀਤਾ ਗੁਰਦੁਆਰਾ ਸਾਹਿਬ ਦਾ ਮੁੱਖ ਦੁਆਰ, ਕਮੇਟੀ ਦੇਵੇ ਜਵਾਬ—
ਜਿਵੇਂ ਹੀ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦਰਬਾਰ ਹਾਲ ਵਿਚ ਅਰਦਾਸ ਕਰਨ ਤੋਂ ਬਾਅਦ ਆਪਣੇ ਨੀਅਤ ਸਥਾਨ ਜੰਤਰ-ਮੰਤਰ ਵੱਲ ਵਧਣ ਲਈ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਵੱਲ ਜਾ ਰਹੇ ਸਨ ਤਾਂ ਪੁਲਸ ਨੇ ਮੁੱਖ ਦੁਆਰ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਣ ਲਈ ਚਾਰੋਂ ਪਾਸਿਓਂ ਘੇਰ ਲਿਆ। ਇਸ ਜ਼ਬਰਦਸਤੀ ਦੌਰਾਨ ਦਸਤਾਰ ਵੀ ਕਈ ਲੋਕਾਂ ਦੀ ਉਤਰ ਗਈ। ਉਹ ਚੀਕਦੇ ਰਹੇ ਕਿ ਮੁੱਖ ਦੁਆਰ ਖੋਲ੍ਹ ਕੇ ਸਾਨੂੰ ਜੰਤਰ-ਮੰਤਰ ਜਾਣ ਦਿੱਤਾ ਜਾਵੇ ਪਰ ਪੁਲਸ ਨਹੀਂ ਮੰਨੀ। ਇਸ ਦੀ ਪੁਸ਼ਟੀ ਕਈ ਵੀਡੀਓ ਵੀ ਕਰ ਰਹੇ ਹਨ। ਇਹ ਗੰਭੀਰ ਮਸਲਾ ਹੈ, ਜਿਸ ਦਾ ਜਵਾਬ ਕਮੇਟੀ ਨੂੰ ਦੇਣਾ ਚਾਹੀਦਾ ਹੈ।


author

Tanu

Content Editor

Related News