ਮਣੀਪੁਰ ’ਚ ਜ਼ਮੀਨ ਧਸੀ, 7 ਜਵਾਨਾਂ ਸਮੇਤ 13 ਦੀ ਮੌਤ
Friday, Jul 01, 2022 - 10:48 AM (IST)
ਇੰਫਾਲ– ਮਣੀਪੁਰ ਦੇ ਨੋਨੀ ਜ਼ਿਲੇ ਵਿਚ ਭਿਆਨਕ ਢਿੱਗਾਂ ਡਿੱਗਣ ਦੀ ਲਪੇਟ ਵਿਚ ਆ ਕੇ ਹੁਣ ਤੱਕ ਸੂਬਾਈ ਫੌਜ (ਟੀ. ਏ.) ਦੇ 7 ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵਧ ਲੋਕ ਲਾਪਤਾ ਹੋ ਗਏ।
ਜ਼ਮੀਨ ਧਸਣ ਦੇ ਕਾਰਨ ਵੱਡੇ ਪੱਧਰ ’ਤੇ ਮਲਬੇ ਨੇ ਈਜੇਈ ਨਦੀ ਨੂੰ ਰੋਕ ਦਿੱਤਾ ਹੈ, ਜਿਸ ਨਾਲ ਪਾਣੀ ਦੀ ਇਕ ਝੀਲ ਬਣ ਗਈ ਹੈ, ਜੋ ਹੇਠਲੇ ਇਲਾਕਿਆਂ ਨੂੰ ਡੋਬ ਸਕਦੀ ਹੈ। ਪ੍ਰਸ਼ਾਸਨ ਨੇ ਇਨ੍ਹਾਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਮੌਕੇ ’ਤੇ ਪੁੱਜ ਕੇ ਰਾਹਤ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਵੀ ਲਿਆ ਅਤੇ ਉਨ੍ਹਾਂ ਇਸ ਭਿਆਨਕ ਕੁਦਰਤੀ ਆਫਤ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਦਿੱਤੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮਣੀਪੁਰ ਸਰਕਾਰ ਇਸ ਕੁਦਰਤੀ ਆਫਤ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦੇਵੇਗੀ।