ਸਾਬਕਾ ਮੰਤਰੀ ਮਾਂਗੇਰਾਮ ਗੁਪਤਾ ਨੇ ਫੜਿਆ JJP ਦਾ ਪੱਲਾ

09/30/2019 3:41:11 PM

ਜੀਂਦ (ਵਾਰਤਾ)— ਹਰਿਆਣਾ ਦੇ ਸਾਬਕਾ ਮੰਤਰੀ ਅਤੇ ਜੀਂਦ ਤੋਂ ਕਾਂਗਰਸ ਦੇ ਦਿੱਗਜ਼ ਨੇਤਾ ਮੰਨੇ ਜਾਣ ਵਾਲੇ ਮਾਂਗੇਰਾਮ ਗੁਪਤਾ ਅੱਜ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਿਰਸਾ 'ਚ ਆਪਣੇ ਪੁੱਤਰ ਮਹਾਵੀਰ ਗੁਪਤਾ ਨਾਲ ਸਾਬਕਾ ਵਿਧਾਇਕਾ ਅਤੇ ਜੇ. ਜੇ. ਪੀ. ਦੀ ਸੀਨੀਅਰ ਮਹਿਲਾ ਆਗੂ ਨੈਨਾ ਸਿੰਘ ਚੌਟਾਲਾ ਅਤੇ ਦਿਗਵਿਜੇ ਸਿੰਘ ਚੌਟਾਲਾ ਦੀ ਮੌਜੂਦਗੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਦਿਗਵਿਜੇ ਨੇ ਮਾਂਗੇਰਾਮ ਗੁਪਤਾ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਪਾਰਟੀ ਦਾ ਮੈਂਬਰ ਬਣਾਇਆ। 

ਦਿਗਵਿਜੇ ਨੇ ਕਿਹਾ ਕਿ ਮਾਂਗੇਰਾਮ ਸਾਡੇ ਦਾਦਾ ਜੀ ਦੇ ਸਮਾਨ ਹਨ ਅਤੇ ਉਨ੍ਹਾਂ ਦੇ ਮਾਰਗਦਰਸ਼ਨ 'ਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਗੁਪਤਾ ਜੀਂਦ ਦੇ ਪਿੰਡ ਰਾਜਪੁਰ ਭੈਣ ਦੇ ਵਾਸੀ ਹਨ। ਉਹ ਕੁੱਲ 8 ਵਾਰ ਚੋਣਾਂ ਲੜ ਚੁੱਕੇ ਹਨ ਅਤੇ ਪਹਿਲੀ ਵਾਰ 1977 ਦੀਆਂ ਚੋਣਾਂ 'ਚ ਬਤੌਰ ਆਜ਼ਾਦ ਉਮੀਦਵਾਰ 15,751 ਵੋਟਾਂ ਜਿੱਤ ਕੇ ਵਿਧਾਇਕ ਬਣੇ ਸਨ। 1991 'ਚ ਗੁਪਤਾ ਨੇ ਕਾਂਗਰਸ ਦੀ ਟਿਕਟ 'ਤੇ ਜਨਤਾ ਪਾਰਟੀ ਦੇ ਉਮੀਦਵਾਰ ਟੇਕਰਾਮ ਕੰਡੇਲਾ ਨੂੰ ਹਰਾਇਆ ਸੀ। ਸਾਲ 2000 ਦੀਆਂ ਚੋਣਾਂ 'ਚ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਗੁਲਸ਼ਨ ਭਾਰਦਵਾਜ ਨੂੰ ਹਰਾ ਕੇ ਮਾਂਗੇਰਾਮ ਵਿਧਾਇਕ ਬਣੇ। 

ਫਿਰ ਸਾਲ 2005 ਦੀਆਂ ਚੋਣਾਂ 'ਚ ਉਨ੍ਹਾਂ ਨੇ ਇਨੈਲੋ ਦੇ ਹੀ ਸੁਰਿੰਦਰ ਬਰਵਾਲਾ ਨੂੰ ਹਰਾਇਆ। ਉਹ ਭਜਨਲਾਲ ਸਰਕਾਰ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਸ਼ਾਸਨਕਾਲ 'ਚ ਸਥਾਨਕ ਬਾਡੀਜ਼, ਟਰਾਂਸਪੋਰਟ, ਸਿੱਖਿਆ ਅਤੇ ਵਿੱਤ ਮੰਤਰੀ ਰਹਿ ਚੁੱਕੇ ਹਨ। ਇਸ ਦੌਰਾਨ ਦਿਗਵਿਜੇ ਨੇ ਕਿਹਾ ਕਿ ਜੇ. ਜੇ. ਪੀ. ਨੇ ਪ੍ਰਦੇਸ਼ ਦੀਆਂ 22 ਵਿਧਾਨ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਹਨ। ਹੋਰ ਸੀਟਾਂ ਨੂੰ ਲੈ ਕੇ ਸਲਾਹ-ਮਸ਼ਵਰਾ ਜਾਰੀ ਹੈ।


Tanu

Content Editor

Related News