ਮੈਂਡੀ ਤੱਖਰ ਨੇ ਕਿਸਾਨਾਂ ਪ੍ਰਤੀ ਹਿੰਸਾ ’ਤੇ ਪੀ. ਐੱਮ. ਮੋਦੀ ਨੂੰ ਲਾਈ ਗੁਹਾਰ, ਦਿਲਜੀਤ ਤੇ ਜੈਜ਼ੀ ਬੀ ਦਾ ਹੋਇਆ ਜ਼ਿਕਰ

Tuesday, Feb 02, 2021 - 02:49 PM (IST)

ਮੈਂਡੀ ਤੱਖਰ ਨੇ ਕਿਸਾਨਾਂ ਪ੍ਰਤੀ ਹਿੰਸਾ ’ਤੇ ਪੀ. ਐੱਮ. ਮੋਦੀ ਨੂੰ ਲਾਈ ਗੁਹਾਰ, ਦਿਲਜੀਤ ਤੇ ਜੈਜ਼ੀ ਬੀ ਦਾ ਹੋਇਆ ਜ਼ਿਕਰ

ਚੰਡੀਗੜ੍ਹ (ਬਿਊਰੋ)– 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਕਿਸਾਨਾਂ ਪ੍ਰਤੀ ਪੁਲਸ ਦੇ ਰਵੱਈਏ ’ਤੇ ਹਰ ਕੋਈ ਹੈਰਾਨ ਹੈ। ਸੋਸ਼ਲ ਮੀਡੀਆ ’ਤੇ ਅਜਿਹੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਕਿਸਾਨਾਂ ’ਤੇ ਹਿੰਸਾ ਹੁੰਦੀ ਸਾਫ ਦੇਖੀ ਜਾ ਰਹੀ ਹੈ। ਇਸ ਸਭ ’ਤੇ ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਅਸਲ ’ਚ ਮੈਂਡੀ ਤੱਖਰ ਨੇ ਕਿਸਾਨਾਂ ’ਤੇ ਹੋਈ ਹਿੰਸਾ ਦੇ ਚਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ। ਇਕ ਟਵੀਟ ’ਚ ਮੈਂਡੀ ਲਿਖਦੀ ਹੈ, ‘ਕਿਸਾਨਾਂ ਪ੍ਰਤੀ ਹਿੰਸਾ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਇੰਨੀਆਂ ਥਾਵਾਂ ’ਤੇ #HumanRightsViolations। ਸਾਡੇ ਦੇਸ਼ ਦੇ ਲੋਕਾਂ ਦਾ ਲਹੂ ਵਹਿ ਰਿਹਾ ਹੈ @narendramodi। ਦਿਲ ਟੁੱਟ ਰਿਹਾ ਹੈ ਬਹੁਤ ਜ਼ਿਆਦਾ ਟੁੱਟ ਰਿਹਾ ਹੈ।’

ਮੈਂਡੀ ਤੱਖਰ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਦੀਆਂ ਅਨੇਕਾਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਜਿਥੇ ਮੈਂਡੀ ਤੱਖਰ ਦੇ ਟਵੀਟ ਦਾ ਸਮਰਥਨ ਕਰ ਰਹੇ ਹਨ, ਉਥੇ ਕੁਝ ਵਿਰੋਧ ’ਚ ਵੀ ਹਨ। ਸਰਦਾਰ ਲੱਕੀ ਸਿੰਘ ਨਾਂ ਦੇ ਇਕ ਯੂਜ਼ਰ ਨੇ ਟਵੀਟ ਹੇਠਾਂ ਲਿਖਿਆ, ‘ਦਿਲਜੀਤ ਤੇ ਜੈਜ਼ੀ ਬੀ ਕਿਥੇ ਹਨ? ਕੀ ਉਹ ਟਰੈਕਟਰ ਰੈਲੀ ਦਾ ਹਿੱਸਾ ਸਨ? ਕੀ ਤੁਸੀਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਥੇ ਸਨ ਤੇ ਹੁਣ ਕਿਥੇ ਹਨ? ਨਰਿੰਦਰ ਮੋਦੀ ਕਿਸਾਨਾਂ ਦੇ ਨਾਲ ਸਨ ਤੇ ਅਜੇ ਵੀ ਕਿਸਾਨਾਂ ਦੇ ਨਾਲ ਹਨ।’

ਯੂਜ਼ਰ ਦੀ ਇਸ ਟਿੱਪਣੀ ’ਤੇ ਮੈਂਡੀ ਤੱਖਰ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਤੇ ਜਵਾਬ ’ਚ ਲਿਖਿਆ, ‘ਭਾਰਤ ਦੇਸ਼ ਦੀ ਨਾਗਰਿਕ ਹੋਣ ਦੇ ਨਾਤੇ ਮੈਂ ਨਰਿੰਦਰ ਮੋਦੀ ਨੂੰ ਹਿੰਸਾ ਬੰਦ ਕਰਨ ਲਈ ਆਖ ਸਕਦੀ ਹਾਂ ਕਿਉਂਕਿ ਉਨ੍ਹਾਂ ਕੋਲ ਹਿੰਸਾ ਨੂੰ ਬੰਦ ਕਰਵਾਉਣ ਦੀ ਤਾਕਤ ਹੈ।’

ਨੋਟ– ਮੈਂਡੀ ਤੱਖਰ ਦੇ ਇਸ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News