ਮਹਾਕੁੰਭ ਜਾਣ ਦੀ ਸ਼ਖ਼ਸ ਦੀ ਅਜਿਹੀ ਜ਼ਿੱਦ, ਪੜ੍ਹ ਤੁਸੀਂ ਵੀ ਰਹਿ ਜਾਓਗੇ ਦੰਗ
Sunday, Feb 02, 2025 - 11:18 AM (IST)
ਬਾਂਦਾ- ਮਹਾਕੁੰਭ ਜਾਣ ਦੀ ਅਜਿਹੀ ਜ਼ਿੱਦ ਕਿ ਇਕ ਸ਼ਖ਼ਸ ਆਪਣੇ ਸਕੂਟਰ 'ਤੇ ਮੁੰਬਈ ਤੋਂ ਪ੍ਰਯਾਗਰਾਜ ਲਈ ਜਾ ਰਿਹਾ ਹੈ। ਮਹਾਕੁੰਭ 'ਚ ਸਕੂਟਰ 'ਤੇ ਆਉਣ ਦਾ ਕਾਰਨ ਵੀ ਸਾਹਮਣੇ ਆਇਆ ਅਜੀਬੋ-ਗਰੀਬ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਸ਼ਖਸ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਮਨ 'ਚ ਮਹਾਕੁੰਭ 'ਚ ਇਸ਼ਨਾਨ ਕਰਨ ਦਾ ਫੈਸਲਾ ਕੀਤਾ ਸੀ। ਅਜਿਹੇ 'ਚ ਜਦੋਂ ਉਸ ਨੂੰ ਪ੍ਰਯਾਗਰਾਜ ਜਾਣ ਲਈ ਟਰੇਨ ਦੀ ਟਿਕਟ ਨਹੀਂ ਮਿਲੀ ਸੀ। ਫਲਾਈਟ ਦੀ ਟਿਕਟ ਮਿਲ ਤਾਂ ਰਹੀ ਸੀ ਪਰ ਉਹ ਬਹੁਤ ਮਹਿੰਗੀ ਸੀ। ਜਿਸ ਕਾਰਨ ਉਹ ਆਪਣਾ ਸਾਮਾਨ ਲੈ ਕੇ 26 ਜਨਵਰੀ ਨੂੰ ਸਕੂਟੀ 'ਤੇ ਇਕੱਲਾ ਹੀ ਪ੍ਰਯਾਗਰਾਜ ਲਈ ਰਵਾਨਾ ਹੋ ਗਿਆ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੇ ਸਕੂਟਰ ਦੇ ਪਿਛਲੇ ਪਾਸੇ ਮੁੰਬਈ ਤੋਂ ਮਹਾਕੁੰਭ ਵੀ ਲਿਖਿਆ ਹੈ।
ਜਾਣਕਾਰੀ ਮੁਤਾਬਕ ਉਕਤ ਵਿਅਕਤੀ ਦਾ ਨਾਂ ਗੌਰਵ ਸੂਰਿਆਕਾਂਤ ਰਾਣੇ ਹੈ ਅਤੇ ਉਹ ਮੁੰਬਈ ਦਾ ਰਹਿਣ ਵਾਲਾ ਹੈ। ਰਾਣੇ ਨਕਸ਼ੇ ਦੀ ਮਦਦ ਨਾਲ ਮੁੰਬਈ ਤੋਂ ਨਾਸਿਕ, ਉਜੈਨ, ਝਾਂਸੀ, ਬਾਂਦਾ, ਚਿਤਰਕੂਟ ਹੁੰਦੇ ਹੋਏ ਜਾ ਰਿਹਾ ਹੈ। ਉਹ ਸ਼ਨੀਵਾਰ ਨੂੰ ਬਾਂਦਾ ਪਹੁੰਚਿਆ। ਰਾਣੇ ਨੇ ਦੱਸਿਆ ਕਿ ਮੈਂ ਬਸੰਤ ਪੰਚਮੀ 'ਤੇ ਪ੍ਰਯਾਗਰਾਜ ਮਹਾਕੁੰਭ 'ਚ ਪਹੁੰਚਣਾ ਹੈ। ਮੈਂ ਆਪਣੇ ਸਕੂਟਰ 'ਤੇ 1500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ ਅਤੇ ਦਿਨ ਦਾ ਜ਼ਿਆਦਾਤਰ ਸਫ਼ਰ ਕਰਦਾ ਹਾਂ। ਮੈਂ ਰਾਤ 9 ਵਜੇ ਤੱਕ ਸਟਾਪ ਕਰ ਦਿੰਦਾ ਹਾਂ।
ਰਾਣੇ ਨੇ ਦੱਸਿਆ ਕਿ ਜਿੱਥੇ ਜੋ ਵੀ ਮਿਲਿਆ ਰੁੱਕ ਜਾਂਦਾ ਹਾਂ, ਚਾਹੇ ਹੋਟਲ ਹੋਵੇ ਜਾਂ ਧਰਮਸ਼ਾਲਾ। ਸਕੂਟਰ 'ਤੇ ਆਉਣ ਦੇ ਸਵਾਲ 'ਤੇ ਰਾਣੇ ਨੇ ਕਿਹਾ ਕਿ ਉਸ ਨੂੰ ਟਰੇਨ ਦੀ ਟਿਕਟ ਨਹੀਂ ਮਿਲੀ। ਇਸ ਦੇ ਨਾਲ ਹੀ ਫਲਾਈਟ ਦੀ ਟਿਕਟ ਬਹੁਤ ਮਹਿੰਗੀ ਸੀ ਪਰ ਮੈਨੂੰ ਪ੍ਰਯਾਗਰਾਜ ਮਹਾਕੁੰਭ ਵਿਚ ਇਸ਼ਨਾਨ ਕਰਨਾ ਹੈ। ਇਸ ਲਈ ਮੈਂ ਘੁੰਮਦੇ-ਘੁੰਮਦੇ ਨਿਕਲ ਪਿਆ। ਇਸ ਸਫ਼ਰ ਤੋਂ ਮੈਨੂੰ ਜ਼ਿੰਦਗੀ ਦਾ ਨਵਾਂ ਅਨੁਭਵ ਵੀ ਮਿਲੇਗਾ। ਰਸਤੇ 'ਚ ਮੈਂ ਓਮਕਾਰੇਸ਼ਵਰ, ਉਜੈਨ ਵਿਚ ਮਹਾਕਾਲ ਅਤੇ ਕਾਲਭੈਰਵ ਮਹਾਰਾਜ ਦੇ ਵੀ ਦਰਸ਼ਨ ਕੀਤੇ ਹਨ। ਹੁਣ ਬਸੰਤ ਪੰਚਮੀ 'ਤੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਪ੍ਰਯਾਗਰਾਜ ਤੋਂ ਸਕੂਟੀ ਰਾਹੀਂ ਮੁੰਬਈ ਵਾਪਸ ਆਵਾਂਗਾ।